ਦੋ ਦਿਨ ਦਾ ਲਿਆ ਗਿਆ ਰਿਮਾਂਡ
ਫ਼ਰੀਦਕੋਟ, 12 ਫ਼ਰਵਰੀ (ਜਗਦੀਪ ਸਿੰਘ ਗਿੱਲ) : ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਨੇ ਇਸ ਮਾਮਲੇ ‘ਚ ਭਗੌੜੇ ਡੇਰਾ ਸਿਰਸਾ ਦੇ ਮੈਂਬਰ ਪ੍ਰਦੀਪ ਕਲੇਰ ਨੂੰ ਅਯੁੱਧਿਆ ਦੇ ਇਲਾਕੇ ‘ਚੋਂ ਗ੍ਰਿਫ਼ਤਾਰ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬਰਗਾੜੀ ਵਿਖੇ ਸਾਲ 2015 ਦੌਰਾਨ ਵਾਪਰੇ ਬੇਅਦਬੀ ਮਾਮਲਿਆਂ ਨਾਲ ਜੁੜੇ ਜਿਨ੍ਹਾਂ ਵਿੱਚ ਮਕੱਦਮਾ ਨੰਬਰ 63/117/128 ਵਿੱਚ ਸ਼ਾਜਿਸ ਕਰਤਾ ਦੇ ਤੌਰ ’ਤੇ ਨਾਮਜ਼ਦ ਡੇਰਾ ਸੱਚਾ ਸੌਦਾ ਸਿਰਸਾ ਦੀ ਨੈਸ਼ਨਲ ਕਮੇਟੀ ਦੇ ਮੈਂਬਰ ਪ੍ਰਦੀਪ ਕਲੇਰ ਨੂੰ ਆਖਿਰ ਜਿਲ੍ਹਾਂ ਪੁਲੀਸ ਫ਼ਰੀਦਕੋਟ ਵੱਲੋਂ ਗੁੜਗਾਓ ਵਿਖੇ ਗ੍ਰਿਫ਼ਤਾਰ ਕਰਨ ਉਪਰੰਤ ਫ਼ਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਕਤ ਨੂੰ ਦੋ ਦਿਨ ਦੇ ਪੁਲੀਸ ਰਿਮਾਡ ’ਤੇ ਭੇਜਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪ੍ਰਦੀਪ ਕਲੇਰ ਅਯੁੱਧਿਆ ‘ਚ ਸ੍ਰੀ ਰਾਮ ਮੰਦਰ ਦੇ ਮੂਰਤੀ ਸਥਾਪਨਾਂ ਮੌਕੇ ’ਤੇ ਲੰਗਰ ਵਰਤਾ ਰਿਹਾ ਸੀ ਅਤੇ ਉਸ ਦੀਆਂ ਲੰਗਰ ਵਰਤਾਉਂਦੇ ਦੀਆਂ ਯੂਪੀ ਦੇ ਮੰਤਰੀ ਨੇ ਤਸਵੀਰਾਂ ਖੁਦ ਵਾਈਰਲ ਕੀਤੀਆਂ ਸਨ। ਇਸ ਖੁਲਾਸੇ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੀ ਸਿਟ ਸਰਗਰਮ ਹੋ ਗਈ ਅਤੇ ਸਿਟ ਦੇ ਮੁੱਖੀ ਆਈ.ਜੀ ਪਰਮਾਰ, ਜਲੰਧਰ ਦਿਹਾਤੀ ਦੇ ਪੁਲੀਸ ਮੁੱਖੀ ਮੁਖਵਿੰਦਰ ਸਿੰਘ ਭੁੱਲਰ ਅਤੇ ਫ਼ਰੀਦਕੋਟ ਦੇ ਪੁਲੀਸ ਮੁੱਖੀ ਹਰਜੀਤ ਸਿੰਘ ਵੱਲੋਂ ਯੂਪੀ ਅਤੇ ਦਿੱਲੀ ‘ਚ ਟੀਮਾਂ ਭੇਜੀਆਂ ਗਈਆਂ ਸਨ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਨੇ ਪ੍ਰਦੀਪ ਕਲੇਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਆਈ.ਜੀ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਬੇਅਦਬੀ ਮਾਮਲਿਆਂ ਵਿੱਚ ਪ੍ਰਦੀਪ ਕਲੇਰ ਦੀ ਗ੍ਰਿਫ਼ਤਾਰੀ ਹੋਈ ਹੈ। ਜਿਸ ਨੂੰ ਮਾਨਯੋਗ ਅਦਾਲਤ ਵੱਨੋਂ ਭਗੌੜਾਂ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਭਗੌੜਾ ਕਰਾਰ ਦਿੱਤੇ ਜਾਣ ਤੋਂ ਬਾਅਦ ਲਗਾਤਾਰ ਉਕਤ ਦੀ ਤਾਲਾਸ਼ ਜਾਰੀ ਸੀ ਅਤੇ ਹੁਣ ਗੁਪਤ ਜਾਣਕਾਰੀ ਅਤੇ ਟੈਕਨੀਕਲ ਸੈੱਲ ਦੀ ਮੱਦਦ ਨਾਲ ਪੁਲੀਸ ਇਸ ਨੂੰ ਲੱਭਣ ਵਿੱਚ ਕਾਮਯਾਬ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਇਸ ਤੋਂ ਬੇਅਦਬੀ ਅਤੇ ਹੋਰ ਮਾਮਲਿਆਂ ਵਿੱਚ ਇਸ ਦੀ ਕੀ ਭੂਮਿਕਾ ਸੀ ਅਤੇ ਭਗੌੜਾ ਹੋਣ ਦੌਰਾਨ ਉਹ ਇੰਨਾਂ ਸਮਾਂ ਕਿਥੇ ਲਾਪਤਾ ਰਿਹਾ। ਇਸ ਦੇ ਨਾਲ ਹੀ ਇਸ ਦੇ ਦੋ ਹੋਰ ਸਾਥੀ ਹਰਸ਼ ਧੂਰੀ ਅਤੇ ਸੰਦੀਪ ਬਰੇਟਾ ਜੋ ਭਗੌੜੇ ਚੱਲ ਰਹੇ ਹਨ, ਉਨ੍ਹਾਂ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।