5 ਫਰਵਰੀ 2024-ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਮਿਆਂਮਾਰ ਦੇ ਤਿੰਨ ਨਾਗਰਿਕਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਮਨੁੱਖੀ ਤਸਕਰੀ ਤੇ ਭਾਰਤ-ਬੰਗਲਾਦੇਸ਼ ਸਰਹੱਦ ਰਸਤੇ ਭਾਰਤ ’ਚ ਵਿਦੇਸ਼ੀ ਨਾਗਰਿਕਾਂ ਮੁੱਖ ਤੌਰ ’ਤੇ ਰੋਹਿੰਗਿਆ ਲੋਕਾਂ ਦੀ ਘੁਸਪੈਠ ਨਾਲ ਜੁੜੇ ਮਾਮਲੇ ’ਚ ਐੱਨਆਈਏ ਨੇ ਚਾਰਜਸ਼ੀਟ ਦਾਖ਼ਲ ਕੀਤੀ ਹੈ। ਐੱਨਆਈਏ ਦੇ ਬੁਲਾਰੇ ਨੇ ਕਿਹਾ ਕਿ ਮੁਲਜ਼ਮਾਂ ’ਚ ਰਬੀਉਲ ਇਸਲਾਮ, ਸ਼ਫੀ ਆਲਮ ਤੇ ਮੁਹੰਮਦ ਉਸਮਾਨ ਸ਼ਾਮਲ ਹੈ। ਇਹ ਸਾਰੇ ਮੁਲਜ਼ਮ ਮਿਆਂਮਾਰ ਦੇ ਮਾਉਂਗਡਾ ਜ਼ਿਲ੍ਹੇ ਦੇ ਵਾਸੀ ਹਨ।
ਐੱਨਆਈਏ ਮੁਤਾਬਕ, ਮੁਲਜ਼ਮ ਤਸਕਰਾਂ ਤੇ ਦਲਾਲਾਂ ਦੀ ਮਿਲੀਭੁਗਤ ਨਾਲ ਨਾਜਾਇਜ਼ ਤਰੀਕੇ ਨਾਲ ਭਾਰਤ ’ਚ ਵੜੇ ਤੇ ਵਿਦੇਸ਼ ਦੇ ਕਈ ਹੋਰ ਨਾਗਰਿਕਾਂ ਨੂੰ ਵੀ ਘੁਸਪੈਠ ’ਚ ਮਦਦ ਕੀਤੀ। ਅਧਿਕਾਰੀ ਨੇ ਕਿਹਾ ਕਿ ਵੱਖ-ਵੱਖ ਨਾਜਾਇਜ਼ ਸਰਗਰਮੀਆਂ ’ਚ ਸ਼ਾਮਲ ਤਸਕਰਾਂ ਤੇ ਦਲਾਲਾਂ ਦੇ ਨੈੱਟਵਰਕ ’ਚ ਸ਼ਾਮਲ ਇਹ ਮੁਲਜ਼ਮ ਬੰਗਲਾਦੇਸ਼ ’ਚ ਪਨਾਹ ਲੈਣ ਵਾਲੀਆਂ ਰੋਹਿੰਗਿਆ ਔਰਤਾਂ ਨੂੰ ਰੋਹਿੰਗਿਆ ਪੁਰਸ਼ਾਂ ਨਾਲ ਵਿਆਹ ਦੇ ਝੂਠੇ ਵਾਅਦੇ ’ਤੇ ਭਾਰਤ ਲਿਆਉਣ ’ਚ ਲੱਗੇ ਸਨ। ਅਜਿਹੀਆਂ ਔਰਤਾਂ ਨੂੰ ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ, ਤੇਲੰਗਾਨਾ ਤੇ ਹਰਿਆਣਾ ਸਣੇ ਵੱਖ-ਵੱਖ ਸੂਬਿਆਂ ’ਚ ਜਬਰੀ ਵਿਆਹ ਲਈ ਵੇਚ ਦਿੱਤਾ ਗਿਆ। ਐੱਨਆਈਏ ਦੀ ਜਾਂਚ ’ਚ ਦਸਤਾਵੇਜ਼ ਦੀ ਜਾਅਲਸਾਜ਼ੀ ਦੇ ਸਬੂਤ ਸਾਹਮਣੇ ਆਏ। ਪਤਾ ਲੱਗਾ ਕਿ ਰਬੀਉਲ ਇਸਲਾਮ ਤੇ ਮੁਹੰਮਦ ਉਸਮਾਨ ਨੇ ਧੋਖਾਧੜੀ ਨਾਲ ਆਧਾਰ ਕਾਰਡ ਬਣਵਾਏ ਸਨ। ਦੋਵਾਂ ਨੇ ਇਨ੍ਹਾਂ ਆਧਾਰ ਕਾਰਡਾਂ ਦੀ ਵਰਤੋਂ ਕਈ ਸਿਮ ਕਾਰਡ ਹਾਸਲ ਕਰਨ ਅਤੇ ਬੈਂਕ ਖਾਤੇ ਖੋਲ੍ਹਣ ਲਈ ਵੀ ਕੀਤੀ ਸੀ ਜਿਸ ਨਾਲ ਉਨ੍ਹਾਂ ਦੀ ਅਸਲੀ ਪਛਾਣ ਲੁਕ ਗਈ। ਦੱਸ ਦੇਈ ਐੱਨਆਈਏ ਨੇ ਪਿਛਲੇ ਸਾਲ 7 ਨਵੰਬਰ ਨੂੰ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।