ਬਠਿੰਡਾ 5 ਜਨਵਰੀ (ਵੀਰਪਾਲ ਕੌਰ)- ਜਦੋਂ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਆਮ ਲੋਕਾਂ ਲਈ ਆਏ ਦਿਨ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਈ ਜਹਾਜ਼ ਅਤੇ ਰੇਲਵੇ ਸਮੇਤ ਦੇਸ਼ ਦੇ ਬੇਸ਼ਕੀਮਤੀ ਆਮਦਨ ਕਰਦੇ ਅਦਾਰੇ ਆਡਾਨੀਆ-ਅੰਬਾਨੀਆ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੇ ਗਏ ਹਨ। ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਲਗਾਤਾਰ ਵਿਗੜ ਰਹੀ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀ.ਪੀ.ਆਈ.ਐੱਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡਾ.ਸੁਖਮਿੰਦਰ ਸਿੰਘ ਬਾਠ ਨੇ ਕੀਤਾ । ਉਨ੍ਹਾਂ ਕਿਹਾ ਕਿ ਇਕ ਸਾਲ ਵਿੱਚ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਵਾਅਦੇ ਕਰਨ ਵਾਲੀ ਮੋਦੀ ਸਰਕਾਰ ਆਏ ਸਾਲ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ। ਨੋਟ -ਬੰਦੀ ਅਤੇ ਜੀ.ਐੱਸ.ਟੀ , ਨਿੱਜੀਕਰਨ, ਨਿਗਮੀਕਰਨ ਅਤੇ ਵਿਉਪਾਰੀ ਕਰਨ, ਸੰਸਾਰੀ ਕਰਨ ਦੀਆਂ ਲੋਕ ਮਾਰੂ , ਮਜ਼ਦੂਰ, ਮੁਲਾਜ਼ਮ ਕਿਸਾਨ, ਵਿਰੋਧੀ ਨੀਤੀਆਂ ਤਹਿਤ ਜਿੱਥੇ ਪਹਿਲਾਂ ਹੀ ਬੇਰੁਜ਼ਗਾਰੀ ਬੇਕਾਬੂ ਹੋ ਚੁੱਕੀ ਹੈ। ਪਿਛਲੇ 45 ਸਾਲਾਂ ਵਿੱਚ ਬੇਰੁਜ਼ਗਾਰੀ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਦੇਸ਼ ਦੇ ਨੌਜਵਾਨ ਨਿਰਾਸ਼ ਹੋ ਕੇ ਰੁਜ਼ਗਾਰ ਦੀ ਉਮੀਦ ਹੀ ਛੱਡ ਚੁੱਕੇ ਹਨ। ਪਿਛਲੇ 10 ਸਾਲਾਂ ਵਿੱਚ 22 ਲੱਖ ਲੋਕ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਵਸ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਡਰਾਈਵਰਾਂ ਲਈ ਐਕਸੀਡੈਂਟ ਸੰਬੰਧੀ ਨਵਾਂ ਕਾਨੂੰਨ ਹਿੱਟ ਐਂਡ ਰਨ ਤਹਿਤ ਜਿਸ ਵਿੱਚ ਡਰਾਈਵਰ ਨੂੰ ਹਾਦਸੇ ਦੀ ਸੂਚਨਾ ਨਾ ਦੇਣ, ਭੱਜ ਜਾਣ ਤੇ 10 ਸਾਲ ਦੀ ਕੈਦ ਅਤੇ 7 ਲੱਖ ਰੁਪਏ ਜੁਰਮਾਨਾ ਦੇਣਾ ਹੋਵੇਗਾ।ਜਿਸ ਕਰਕੇ ਡਰਾਈਵਰ ਲਾਈਨ ਵਿੱਚ ਬਚਿਆ ਹੋਇਆ ਰੁਜ਼ਗਾਰ ਵੀ ਖ਼ਤਮ ਹੋ ਜਾਵੇਗਾ। ਕਿਉਂਕਿ ਡਰਾਈਵਰ ਪਹਿਲਾਂ ਹੀ ਨਿਗੂਣੀ ਜਿਹੀ ਤਨਖਾਹ ਤੇ ਕੰਮ ਕਰਦੇ ਹਨ। ਐਕਸੀਡੈਂਟ ਹੋਣ ਦੀ ਸੂਰਤ ਵਿੱਚ ਕਈ ਵਾਰ ਬੱਸ ਟਰੱਕਾਂ ਦੇ ਮਾਲਕ ਵੀ ਡਰਾਈਵਰਾਂ ਦਾ ਸਾਥ ਦੇਣ ਤੋਂ ਭੱਜ ਜਾਂਦੇ ਹਨ।ਇਸ ਲਈ ਇਸ ਜੋਖ਼ਮ ਭਰੇ ਕੰਮ ਤੋਂ ਹਰ ਕੋਈ ਗੁਰੇਜ਼ ਕਰੇਗਾ। ਦੇਸ਼ ਵਿੱਚ ਢੋਆ ਢੁਆਈ ਦੇ ਕੰਮ ਵਿੱਚ ਵਿਘਨ ਪੈਣ ਨਾਲ ਮਹਿੰਗਾਈ ਹੋਰ ਵੱਧ ਜਾਵੇਗੀ। ਇਸ ਲਈ ਸੀ.ਪੀ.ਆਈ.ਐੱਮ ਵੱਲੋਂ ਦੇਸ਼ ਦੇ ਡਰਾਈਵਰਾਂ ਦੇ ਸੰਘਰਸ਼ ਦੀ ਡੱਟਵੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਮੇਘ ਰਾਜ ਸ਼ਰਮਾ,ਸੀਟੂ ਆਗੂ ਕਾਮਰੇਡ ਬਲਕਾਰ ਸਿੰਘ, ਕਾਮਰੇਡ ਜਸਵੀਰ ਸਿੰਘ ਅਕਲੀਆਂ, ਕਾਮਰੇਡ ਅਮੀ ਲਾਲ,ਕਾਮਰੇਡ ਜੀ ਐੱਸ ਭੁੱਲਰ, ਕਾਮਰੇਡ ਗੁਰਦੇਵ ਸਿੰਘ ਗਿੱਲ,ਕਾਮਰੇਡ ਬਨਵਾਰੀ ਲਾਲ, ਕਾਮਰੇਡ ਗੁਰਚਰਨ ਸਿੰਘ ਚੌਹਾਨ, ਕਾਮਰੇਡ ਡੀ ਗਨੇਸ਼, ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਆਂਗਣਵਾੜੀ ਮੁਲਾਜ਼ਮ ਯੂਨੀਅਨ, ਪ੍ਰਤਿਭਾ ਸ਼ਰਮਾ, ਆਦਿ ਹਾਜ਼ਰ ਸਨ।