22, ਦਸੰਬਰ – ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਨੇ ਅੱਜ ਦਿੱਲੀ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰਨੀਤ ਕੌਰ ਨੇ ਪਟਿਆਲਾ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੰਬੰਧੀ ਦੱਸਦਿਆ ਕਿਹਾ ਕਿ ਪਟਿਆਲਾ ਦੇ ਨਵੇਂ ਬੱਸ ਸਟੈਂਡ ਨੇੜੇ ਦੋ ਮਾਰਗੀ ਫਲਾਈਓਵਰ ਦੀ ਉਸਾਰੀ ਦੇ ਨਵੇਂ ਪ੍ਰੋਜੈਕਟ ਦੀ ਹੈ ਤਾਂ ਜੋ ਸੌਖੀ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਰਾਜਪੁਰਾ ਰੋਡ ‘ਤੇ ਨਵੇਂ ਅੰਤਰਰਾਜੀ ਬੱਸ ਟਰਮੀਨਲ ਦੇ ਨਿਰਮਾਣ ਨਾਲ ਸਰਹਿੰਦ ਬਾਈਪਾਸ ਤੋਂ ਪੰਜਾਬੀ ਯੂਨੀਵਰਸਿਟੀ ਤੱਕ ਦੀ ਆਵਾਜਾਈ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਇਸ ਸੈਕਸ਼ਨ ‘ਤੇ ਆਵਾਜਾਈ ਦੇ ਸੁਤੰਤਰ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ NH-7 ਦੇ ਬਾਈਪਾਸ ਜੰਕਸ਼ਨ ਦੇ ਸੁਧਾਰ ਦੀ ਸਖ਼ਤ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਮੰਤਰੀ ਨੂੰ 593.25 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲਾ ਇੱਕ ਵਿਸਤ੍ਰਿਤ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਵਿੱਚ ਪਟਿਆਲਾ ਸ਼ਹਿਰ ਵਾਲੇ ਪਾਸੇ ਤੋਂ ਇੱਕ ਫਲਾਈਓਵਰ ਬਣਾਉਣ ਅਤੇ ਇਸ ਜੰਕਸ਼ਨ ‘ਤੇ ਨਵੇਂ ਬਣੇ ਫਲਾਈਓਵਰ ਨਾਲ ਟ੍ਰੈਫਿਕ ਨੂੰ ਪਟਿਆਲਾ ਸਾਈਡ ਤੋਂ ਪੰਜਾਬੀ ਯੂਨੀਵਰਸਿਟੀ ਨੇੜੇ ਵਹੀਕਲ ਅੰਡਰਪਾਸ ਤੱਕ ਜੋੜਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਨਾਲ ਹੀ ਸਾਈਡ ਡਰੇਨ ਦੇ ਨਾਲ-ਨਾਲ 7.00 ਮੀਟਰ ਚੌੜੀ ਸਰਵਿਸ ਰੋਡ ਅਤੇ ਪਟਿਆਲਾ ਨੂੰ ਜਾਣ ਵਾਲੀ ਅਰਬਨ ਅਸਟੇਟ ਦੀ ਆਵਾਜਾਈ ਲਈ ਇੱਕ ਨਵਾਂ ਅੰਡਰਪਾਸ ਦੇ ਨਿਰਮਾਣ ਦੀ ਵੀ ਮੰਗ ਰੱਖੀ ਗਈ ਹੈ।”