ਬਠਿੰਡਾ 2 ਦਸੰਬਰ (ਵੀਰਪਾਲ ਕੌਰ ) ਸਾਂਝੀ ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦੋਆਬਾ ਤੇ ਮਾਝੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸ਼ੁੱਕਰਵਾਰ ਨੂੰ ਸ਼ੂਗਰ ਮਿੱਲ ਮੁਕੇਰੀਆਂ ਅੱਗੇ ਗੰਨਾ ਮਿੱਲਾਂ ਨੂੰ ਚਲਾਉਣ ਅਤੇ ਗੰਨੇ ਦੀ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ।ਇਸ ਤੋਂ ਬਾਅਦ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਗੰਨੇ ਨਾਲ ਭਰੀਆਂ ਟਰਾਲੀਆਂ ਖੜ੍ਹੀਆਂ ਕਰਕੇ ਜਾਮ ਲੱਗ ਗਿਆ। ਕਿਸਾਨ ਗੰਨੇ ਦੀਆਂ ਭਰੀਆਂ 150 ਤੋਂ ਵੱਧ ਟਰਾਲੀਆਂ ਲੈ ਕੇ ਮਿੱਲ ਦੇ ਬਾਹਰ ਪੁੱਜੇ ਹੋਏ ਸਨ।ਸ਼ਨੀਵਾਰ ਨੂੰ ਨੈਸ਼ਨਲ ਹਾਈਵੇ ‘ਤੇ ਸ਼ੂਗਰ ਮਿੱਲ ਮੁਕੇਰੀਆਂ ਦੇ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਸ ਨੇ ਜ਼ਬਰਦਸਤੀ ਚੁੱਕ ਕੇ ਗੱਡੀ ‘ਚ ਬਿਠਾ ਲਿਆ। ਪੁਲਿਸ ਕਿਸਾਨ ਆਗੂਆਂ ਨੂੰ ਕਿੱਥੇ ਲੈ ਗਈ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਕਿਸਾਨਾਂ ਨੇ ਨੈਸ਼ਨਲ ਹਾਈਵੇਅ ਅਤੇ ਸਰਵਿਸ ਰੋਡ ਦੇ ਇੱਕ ਪਾਸੇ ਜਾਮ ਲਗਾ ਦਿੱਤਾ ਸੀ, ਜਿਸ ਕਾਰਨ ਪੁਲਿਸ ਨੇ ਬਲ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਉਥੋਂ ਭਜਾ ਦਿੱਤਾ।
ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕੀਤੀ ਗਈ। ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਨ ਤੇ ਲੋਕਾਂ ਦੇ ਮਸਲੇ ਬੈਠ ਕੇ ਪਹਿਲ ਦੇ ਅਧਾਰ ਤੇ ਹੱਲ ਕਰ ਦਿੱਤੇ ਜਾਣਗੇ ਅਤੇ ਕਿਸੇ ਨੂੰ ਧਰਨਾ ਲਾਉਣ ਦੀ ਜਰੂਰਤ ਹੀ ਨਹੀਂ ਪਵੇਗੀ ਪਰ ਗੰਨੇ ਦਾ ਪੂਰਾ ਭਾਅ ਨਾ ਮਿਲਣ ਕਾਰਨ ਕਿਸਾਨ ਸੰਘਰਸ਼ ਕਰ ਰਹੇ ਸਨ ਜਿਸ ਦਾ ਮੁੱਖ ਮੰਤਰੀ ਵੱਲੋਂ ਪੂਰਾ ਭਾਅ ਦੇਣ ਦਾ ਵਾਅਦਾ ਕੀਤਾ ਸੀ। ਗੰਨੇ ਦੇ ਭਾਅ ਵਿੱਚ ਨਿਗੂਣਾ ਵਾਧਾ ਕਰਨ ਦੇ ਵਿਰੋਧ ਵਿੱਚ ਅੱਜ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਹੁੰਚਣ ਤੇ ਉਹਨਾਂ ਦਾ ਵਿਰੋਧ ਕਰ ਰਹੇ ਸਨ ਜਿਸ ਤੇ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕਰਕੇ ਉਹਨਾਂ ਦੀਆਂ ਗਿਰਫਤਾਰੀਆਂ ਕੀਤੀਆਂ ਗਈਆਂ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਗੰਨੇ ਦੇ ਭਾਅ ਵਿੱਚ ਮੁਖਮੰਤਰੀ ਵਲੋਂ ਇਹ ਕਹਿਣਾ ਕਿ ਕਿਸਾਨਾਂ ਨੂੰ 11 ਰੁਪਏ ਦਾ ਸ਼ਗਨ ਦੇ ਦਿੱਤਾ। ਕਿਸਾਨ ਆਗੂਆਂ ਨੇ ਮੁੱਖ ਮੰਤਰੀ ਨੂੰ ਸੁਆਲ ਕੀਤਾ ਕਿ ਸਰਕਾਰ ਦੱਸੇ ਇਸ ਸ਼ਗਨ ਦਾ ਨਾਮ ਕੀ ਰੱਖੀਏ ਇਹ ਸਰਕਾਰ ਵੀ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ ਜਬਰ ਦੇ ਜ਼ੋਰ ਦਬਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜਾਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤੁਰੰਤ ਲਾਗੂ ਕਰੇ ਵਰਨਾ ਕਿਸਾਨ ਰੋਹ ਦਾ ਸੇਕ ਝੱਲਣ ਲਈ ਤਿਆਰ ਹੋਵੇ।