30 ਨਵੰਬਰ 2023: ਵਿਦੇਸ਼ ਮੰਤਰਾਲੇ ਨੇ ਅਮਰੀਕਾ ਵਲੋਂ ਇਕ ਭਾਰਤੀ ਵਿਅਕਤੀ ਨਿਖਿਲ ਗੁਪਤਾ ਨੂੰ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ਵਿਚ ਦੋਸ਼ੀ ਠਹਿਰਾਏ ਜਾਣ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰੀ ਨੀਤੀ ਦੇ ਵੀ ਉਲਟ ਹੈ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਅਮਰੀਕਾ ਨਾਲ ਦੁਵੱਲੇ ਸੁਰੱਖਿਆ ਸਹਿਯੋਗ ‘ਤੇ ਚਰਚਾ ਦੌਰਾਨ, ਅਮਰੀਕੀ ਪੱਖ ਨੇ ਸੰਗਠਿਤ ਅਪਰਾਧੀਆਂ, ਬੰਦੂਕਧਾਰੀਆਂ ਅਤੇ ਅਤਿਵਾਦੀਆਂ ਵਿਚਕਾਰ ਗਠਜੋੜ ਨਾਲ ਸਬੰਧਤ ਕੁੱਝ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਅਸੀਂ ਅਜਿਹੀ ਸੂਚਨਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਘੋਖਣ ਲਈ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।ਅਰਿੰਦਮ ਬਾਗਚੀ ਨੇ ਅੱਗੇ ਦਸਿਆ ਕਿ ਕਮੇਟੀ ਦੇ ਨਤੀਜਿਆਂ ‘ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਅਸੀਂ ਅਜਿਹੇ ਸੁਰੱਖਿਆ ਮਾਮਲਿਆਂ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।ਕੈਨੇਡਾ ਦੇ ਮੁੱਦੇ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ”ਜਿਥੋਂ ਤਕ ਕੈਨੇਡਾ ਦਾ ਸਵਾਲ ਹੈ, ਅਸੀਂ ਕਿਹਾ ਹੈ ਕਿ ਉਨ੍ਹਾਂ ਨੇ ਲਗਾਤਾਰ ਭਾਰਤ ਵਿਰੋਧੀ ਕੱਟੜਪੰਥੀਆਂ ਨੂੰ ਥਾਂ ਦਿਤੀ ਹੈ ਅਤੇ ਇਹ ਅਸਲ ‘ਚ ਇਸ ਮੁੱਦੇ ਦਾ ਮੂਲ ਹੈ। ਕੈਨੇਡਾ ‘ਚ ਸਾਡੇ ਕੂਟਨੀਤਕ ਨੁਮਾਇੰਦਿਆਂ ਨੇ ਇਸ ਦਾ ਖਮਿਆਜ਼ਾ ਭੁਗਤਿਆ ਹੈ। ਇਸ ਲਈ, ਅਸੀਂ ਕੈਨੇਡਾ ਸਰਕਾਰ ਤੋਂ ਡਿਪਲੋਮੈਟਿਕ ਰਿਲੇਸ਼ਨਜ਼ ‘ਤੇ ਵਿਏਨਾ ਕਨਵੈਨਸ਼ਨ ਦੇ ਤਹਿਤ ਅਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਉਮੀਦ ਕਰਦੇ ਹਾਂ। ਅਸੀਂ ਅਪਣੇ ਅੰਦਰੂਨੀ ਮਾਮਲਿਆਂ ਵਿਚ ਕੈਨੇਡੀਅਨ ਡਿਪਲੋਮੈਟਾਂ ਦੀ ਦਖਲਅੰਦਾਜ਼ੀ ਦੇਖੀ ਹੈ ਅਤੇ ਇਹ ਅਸਵੀਕਾਰਨਯੋਗ ਹੈ।”