30 ਨਵੰਬਰ 2023-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਅਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਤੇ ਨੰਬਰਦਾਰ ਲਾਭ ਚੰਦ ਦੇ ਭਤੀਜੇ ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿੱਗਲੀ (28 ਸਾਲ) ਕੈਨੇਡਾ ਦੀ ਧਰਤੀ ਉੱਤੇ ਅਚਨਚੇਤ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੋਈ ਹੈ। ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਤੇ ਪਿੰਡ ਤੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਸੁੱਖਾ ਦਾ ਵਿਆਹ ਕਰੀਬ 14 ਮਹੀਨੇ ਪਹਿਲਾਂ ਪਿਛਲੇ ਸਾਲ ਸਤੰਬਰ ਮਹੀਨੇ ਵਿਚ ਬੜੇ ਹੀ ਚਾਵਾਂ -ਮਲਾਰਾਂ ਨਾਲ ਕੀਤਾ ਸੀ। ਵਿਆਹ ‘ਤੋਂ ਬਾਅਦ ਉਹ ਕੁਝ ਮਹੀਨੇ ਆਸਟ੍ਰੇਲੀਆ ਰਿਹਾ ਤੇ 5-6 ਮਹੀਨੇ ਪਹਿਲਾਂ ਹੀ ਉਹ ਕੈਨੇਡਾ ਵਿਚ ਆਪਣੀ ਪਤਨੀ ਤੇ ਉਸਦੇ ਪਰਿਵਾਰਕ ਮੈਂਬਰਾਂ ਪਾਸ ਗਿਆ ਸੀ। ਸੁੱਖਾ ਇੰਨ੍ਹੀਂ ਦਿਨੀਂ ਕੈਨੇਡਾ ਦੇ ਵਾਈਟ ਹਿੱਲ ਵਿਚ ਰਹਿ ਰਿਹਾ ਸੀ। ਦੱਸ ਦੇਈਏ ਕਿ ਵੱਧ ਰਹੀਆਂ ਮੌਤਾਂ ਕਰ ਕੇ ਮਾਪੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਤੇ ਦੁਖੀ ਹਨ ਕਿਉਂਕਿ ਬਹੁਤਿਆਂ ਨੇ ਇਕੱਲੇ-ਇਕੱਲੇ ਪੁੱਤ ਬੇਗ਼ਾਨੇ ਦੇਸ਼ਾਂ ਨੂੰ ਤੋਰੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਕਈ ਮਾਪਿਆਂ ਨੂੰ ਅਪਣੇ ਪੁੱਤਾਂ ਦੀਆਂ ਲਾਸ਼ਾਂ ਬੇਗਾਨੇ ਮੁਲਕਾਂ ਵਿਚੋਂ ਲਿਆਉਣੀਆਂ ਔਖੀਆਂ ਹੋ ਰਹੀਆਂ ਹਨ।