28 ਨਵੰਬਰ 2023-ਹਰਿਆਣਾ ਵਿਧਾਨ ਸਭਾ ਦਾ ਤਿੰਨ ਦਿਨਾਂ ਸਰਦ ਰੁੱਤ ਇਜਲਾਸ 15 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ 15 ਦਸੰਬਰ ਤੋਂ ਸ਼ੁਰੂ ਹੋਵੇਗਾ, ਇਸ ਮਗਰੋਂ ਸ਼ਨਿਚਰਵਾਰ ਅਤੇ ਐਤਵਾਰ ਨੂੰ ਦੋ ਦਿਨ ਛੁੱਟੀ ਹੋਵੇਗੀ। ਫਿਰ ਸਦਨ ਦੀ ਕਾਰਵਾਈ ਸੋਮਵਾਰ ਅਤੇ ਮੰਗਲਵਾਰ ਨੂੰ ਜਾਰੀ ਰਹੇਗੀ। ਇਹ ਫੈਸਲਾ ਸੋਮਵਾਰ ਨੂੰ ਸੀਐਮ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ। ਹਰਿਆਣਾ ਮੰਤਰੀ ਮੰਡਲ ਨੇ ਕੈਂਸਰ ਦੇ ਮਰੀਜ਼ਾਂ ਦੇ ਵਿੱਤੀ ਬੋਝ ਨੂੰ ਘਟਾਉਣ ਲਈ ਤੀਜੇ ਅਤੇ ਚੌਥੇ ਪੜਾਅ ਦੇ ਕੈਂਸਰ ਦੇ ਮਰੀਜ਼ਾਂ ਨੂੰ 3,000 ਰੁਪਏ ਦੀ ਮਹੀਨਾਵਾਰ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ ਨੂੰ ਸੋਮਵਾਰ ਨੂੰ ਮਨਜ਼ੂਰੀ ਦਿਤੀ। ਇਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਹੇਠ ਹੋਈ ਰਾਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਜਾਰੀ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਫੈਸਲੇ ਨਾਲ ਲਗਭਗ 22,808 ਮਰੀਜ਼ਾਂ ਨੂੰ ਲਾਭ ਹੋਵੇਗਾ। ਇਸ ਵਿਚ ਕਿਹਾ ਗਿਆ ਹੈ ਕਿ ਸਕੀਮ ਦੇ ਤਹਿਤ ਪ੍ਰਦਾਨ ਕੀਤੀ ਗਈ 3,000 ਰੁਪਏ ਦੀ ਮਾਸਿਕ ਵਿੱਤੀ ਸਹਾਇਤਾ ਯੋਗ ਬਿਨੈਕਾਰ ਨੂੰ ਕਿਸੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ ਮਿਲਣ ਵਾਲੇ ਲਾਭਾਂ ਤੋਂ ਇਲਾਵਾ ਹੋਵੇਗੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਯੋਗ ਮਰੀਜ਼ਾਂ ਨੂੰ ਬੁਢਾਪਾ ਸਨਮਾਨ ਭੱਤੇ ਵਾਂਗ ਹੀ ਵਿੱਤੀ ਸਹਾਇਤਾ ਦਿਤੀ ਜਾਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਤੌਰ ‘ਤੇ ਮਰੀਜ਼ਾਂ ਨੂੰ 2,750 ਰੁਪਏ ਦੀ ਮਹੀਨਾਵਾਰ ਸਹਾਇਤਾ ਮਿਲੇਗੀ, ਜਦਕਿ ਜਨਵਰੀ 2024 ਤੋਂ ਇਹ ਰਕਮ ਵਧ ਕੇ 3,000 ਰੁਪਏ ਹੋ ਜਾਵੇਗੀ। ਇਸ ਤੋਂ ਪਹਿਲਾਂ ਅੰਬਾਲਾ ਛਾਉਣੀ ਵਿਚ ਅਟਲ ਕੈਂਸਰ ਕੇਅਰ ਸੈਂਟਰ (ਏਸੀਸੀਸੀ) ਦੇ ਉਦਘਾਟਨ ਦੌਰਾਨ ਮੁੱਖ ਮੰਤਰੀ ਨੇ ਸਟੇਜ 3 ਅਤੇ 4 ਦੇ ਕੈਂਸਰ ਦੇ ਮਰੀਜ਼ਾਂ ਲਈ ਪੈਨਸ਼ਨ ਦਾ ਐਲਾਨ ਕੀਤਾ ਸੀ।ਸੂਬੇ ਦੇ ਪਛੜੇ ਵਰਗ ਬਲਾਕ-ਏ ਵਿਚ ਲੜੀ ਨੰਬਰ 1 ਵਿਚੋਂ ਅਹੇਰੀਆ, ਅਹੇਰੀ, ਹੇਰੀ, ਹਰੀ, ਤੂਰੀ ਜਾਂ ਥੋਰੀ ਵਰਗੀਆਂ 7 ਜਾਤੀਆਂ ਨੂੰ ਹਰਿਆਣਾ ਅਨੁਸੂਚਿਤ ਜਾਤੀ ਸ਼੍ਰੇਣੀ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣ ਇਨ੍ਹਾਂ ਜਾਤੀਆਂ ਨੂੰ ਅਨੁਸੂਚਿਤ ਜਾਤੀ ਸ਼੍ਰੇਣੀ ਦਾ ਲਾਭ ਮਿਲੇਗਾ। ਹੁਣ ਰਾਏ ਸਿੱਖ ਜਾਤੀ ਨੂੰ ਵੀ ਅਨੁਸੂਚਿਤ ਜਾਤੀ ਸ਼੍ਰੇਣੀ ਵਿਸ ਸ਼ਾਮਲ ਕੀਤਾ ਗਿਆ ਹੈ। ‘ਨਾਇਕ’ ਨੂੰ ਅਨੁਸੂਚਿਤ ਜਾਤੀ ਸ਼੍ਰੇਣੀ ਦੀ ਸੂਚੀ ਵਿਚ ਸ਼ਾਮਲ ਕਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਭੇਜਿਆ ਜਾਵੇਗਾ।