ਬਠਿੰਡਾ , 21 ਨਵੰਬਰ (ਵੀਰਪਾਲ ਕੌਰ ) ਸਿੱਖਿਆ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਦਰਜਾਚਾਰ ਕਰਮਚਾਰੀਆਂ ਦੀਆਂ ਮੰਗਾਂ ਵੱਲ ਵਿਭਾਗ ਜਾਂ ਸਰਕਾਰ ਧਿਆਨ ਦੇਣ ਦੀ ਬਜਾਏ ਸਿਰਫ਼ ਟਾਲ ਮਟੋਲ ਕੀਤਾ ਜਾ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਜੇ ਪਾਲ ਬਿਲਾਸਪੁਰ ਸੂਬਾ ਪ੍ਰਧਾਨ ਅਤੇ ਗੁਰਚਰਨ ਸਿੰਘ (ਪੰਮੀ) ਚੇਅਰਮੈਨ ਪੰਜਾਬ ਨੇ ਕੀਤਾ । ਉਨਾਂ ਕਿਹਾ ਕਿ ਜਦੋਂ ਵੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਹਰ ਵਾਰ ਹੀ ਲਾਰਾ ਲੱਪਾ ਲਾਇਆ ਗਿਆ ਕਿ ਤੁਹਾਡੇ ਮਸਲਿਆਂ ਦਾ ਜ਼ਲਦ ਹੱਲ ਕੀਤਾ ਜਾਵੇਗਾ, ਪਰ ਲੰਮਾਂ ਸਮਾਂ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਚੋਣਾਂ ਸਮੇਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕੰਮ ਤੇਜ਼ੀ ਨਾਲ ਹੋਣਗੇ ਅਤੇ ਕਿਸੇ ਵੀ ਜਥੇਬੰਦੀ ਨੂੰ ਧਰਨਾ ਮੁਜ਼ਾਹਰਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ,ਪਰ ਉਹਨਾਂ ਵੱਲੋਂ ਕੀਤੇ ਹੋਏ ਵਾਅਦੇ ਦੀ ਫ਼ੂਕ ਨਕਲਦੀ ਦਿਖਾਈ ਦੇ ਰਹੀ ਹੈ । ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵੀ ਮਰਨ ਵਰਤ ਰੱਖਣ ਲਈ ਰੂਪ ਰੇਖਾ ਤਿਆਰ ਕਰ ਰਹੀ ਹੈ । ਉਹਨਾਂ ਸਰਕਾਰ ਤੇ ਵਰਦ੍ਹੇ ਹੋਏ ਕਿਹਾ ਕਿ ਸੂਬਾ ਸਰਕਾਰ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦੇਣੀ ਚਾਹੀਦੀ ਹੈ ਜਦੋਂ ਕਿ ਦੂਜੇ ਸੂਬਾ ਸਰਕਾਰਾਂ ਨੇ ਆਪਣੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ। ਇਸ ਸਮੇਂ , ਗੁਰਮੀਤ ਸਿੰਘ ਨਥਾਣਾ ਚੇਅਰਮੈਨ, ਫਤਿਹ ਦੀਨ ਦਿਆਲ ਪੁਰਾ, ਜਸਵੀਰ ਸਿੰਘ,ਕੁਲਦੀਪ ਸਿੰਘ ਖਾਲੜਾ ਜਨਰਲ ਸਕੱਤਰ ਪੰਜਾਬ, ਰਮਨ ਕੁਮਾਰ ਵਰਕਿੰਗ ਕਮੇਟੀ ਮੈਂਬਰ ਪੰਜਾਬ, ਗੁਰਪ੍ਰੀਤ ਕੌਰ ਵਰਕਿੰਗ ਕਮੇਟੀ ਮੈਂਬਰ ਪੰਜਾਬ, ਨੀਲਮ ਕੌਰ ਵਰਕਿੰਗ ਕਮੇਟੀ ਮੈਂਬਰ ਪੰਜਾਬ ਆਦਿ ਆਗੂ ਹਾਜਰ ਸਨ।