ਬਠਿੰਡਾ, 21 ਜਨਵਰੀ (ਵੀਰਪਾਲ ਕੌਰ)- ਸਥਾਨਕ ਸ਼ਹਿਰ ਦੇ ਸਿੁਨਿਆਰਿਆਂ ਨਾਲ ਇਕ ਬੰਗਾਲੀ ਕਾਰੀਗਰ ਜੋ ਪਿਛਲੇ 12 ਸਾਲਾਂ ਤੋਂ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ, ਜ਼ਿਲ੍ਹੇ ਦੇ ਜਵੈੱਲਰਜ਼ ਦਾ ਲੱਖਾਂ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਿਆ। ਕਾਰੀਗਰ ਦੀ ਪਛਾਣ ਸ਼ਾਕਿਰ ਅਲੀ ਵਜੋਂ ਹੋਈ ਹੈ। ਜਿਸ ਦੇ ਖਿਲਾਫ ਪੰਜਾਬ ਸਵਰਨਕਾਰ ਸੰਘ ਨੇ ਥਾਣਾ ਕੋਤਵਾਲੀ ਨੂੰ ਸ਼ਿਕਾਇਤ ਦਿੱਤੀ ਹੈ। ਪੰਜਾਬ ਸੁਨਿਆਰਾ ਐਸੋਸੀਏਸ਼ਨ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਦੱਸਿਆ ਕਿ ਸ਼ਾਕਿਰ ਅਲੀ ਪਿਛਲੇ 12 ਸਾਲਾਂ ਤੋਂ ਬਠਿੰਡਾ ਦੇ ਜਿਊਲਰਾਂ ਤੋਂ ਸੋਨਾ ਲੈ ਕੇ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਸਾਰਿਆਂ ਦਾ ਉਸ ‘ਤੇ ਭਰੋਸਾ ਹੋ ਗਿਆ ਸੀ। ਸੋਮਵਾਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਬਠਿੰਡਾ ਤੋਂ ਲਾਪਤਾ ਹੈ। ਜਦੋਂ ਉਹ ਉਸਦੇ ਘਰ ਗਏ ਤਾਂ ਤਾਲਾ ਲੱਗਿਆ ਹੋਇਆ ਸੀ। ਉਹ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਅਤੇ ਭੱਜ ਗਿਆ। ਕਿੰਨੇ ਦੁਕਾਨਦਾਰਾਂ ਨਾਲ ਠੱਗੀ ਮਾਰੀ ਗਈ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।