ਜੈਤੋ , 21 ਨਵੰਬਰ (ਜਗਦੀਪ ਸਿੰਘ ਗਿੱਲ) : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜੈਤੋ, ਬਲਾਕ ਬਾਜਾਖਾਨਾ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਬਲਾਕ ਜੈਤੋ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂਂ ਅੱਜ ਤਹਿਸੀਲ ਕੰਪਲੈਕਸ ਜੈਤੋ ਵਿਖੇ ਪਰਾਲੀ ਨਾਲ ਭਰੀਆਂ ਹੋਈਆਂ ਟਰਾਲੀਆਂ ਲੈ ਜਾਕੇ ਪਰਾਲੀ ਸਾੜਨ ਦੇ ਸਬੰਧ ਵਿੱਚ ਕੀਤੇ ਗਏ ਕਿਸਾਨਾਂ ‘ਤੇ ਪਰਚਿਆਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਾਜਾਖਾਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਦਬੜੀਖਾਨਾ ਨੇ ਸਾਥੀਆਂ ਸਮੇਤ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਿੱਧੂਪੁਰ ਜਥੇਬੰਦੀ ਦੇ ਜੈਤੋ ਬਲਾਕ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ, ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਗੁਰੂਸਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਿਸਾਨਾਂ ਖ਼ਿਲਾਫ਼ ਨਾਦਰ ਸ਼ਾਹੀ ਫੁਰਮਾਨ ਜਾਰੀ ਕਰਕੇ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ ਜੋ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਗ੍ਰੀਨ ਟਿ੍ਰਬਿਊਨਲ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਵਿੱਤੀ ਸਹਾਇਤਾ, ਮੁਆਵਜ਼ਾ ਅਤੇ ਬੋਨਸ ਦੇਣ ਦੇ ਹੁਕਮਾ ਦੀ ਉਲੰਘਣਾਂ ਹੈ ਕਿਉਂਕਿ ਜਿੰਨਾ ਸਮਾਂ ਕਿਸਾਨ ਨੂੰ ਗ੍ਰੀਨ ਟਿ੍ਰਬਿਊਨਲ ਦੇ ਹੁਕਮਾਂ ਅਨੁਸਾਰ ਵਿੱਤੀ ਸਹਾਇਤਾ ਤੇ ਮੁਆਵਜ਼ਾ ਅਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਹੁਕਮਾਂ ਅਨੁਸਾਰ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਪਰਾਲੀ ਦੀ ਸਾਂਭ ਸੰਭਾਲ ਲਈ ਨਹੀਂ ਦਿੱਤਾ ਜਾਂਦਾ, ਉਸ ਤੋਂ ਪਹਿਲਾਂ ਸਰਕਾਰ ਵੱਲੋਂ ਕਿਸੇ ਕਿਸਾਨ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ, ਪ੍ਰੰਤੂ ਸਰਕਾਰ ਵੱਲੋ ਉਨ੍ਹਾਂ ਨੂੰ ਲਾਗੂ ਨਾ ਕਰਕੇ ਅਤੇ ਕਿਸਾਨਾਂ ਉੱਪਰ ਪਰਚੇ ਦਰਜ ਕਰਕੇ ਮਾਣਯੋਗ ਸੁਪਰੀਮ ਕੋਰਟ ਅਤੇ ਗ੍ਰੀਨ ਟਿ੍ਰਬਿਊਨਲ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਬੀਕੇਯੂ ਏਕਤਾ ਸਿੱਧੂਪੁਰ ਦੇ ਨੌਜਵਾਨ ਆਗੂ ਜਤਿੰਦਰਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ 18 ਕਿਸਾਨ ਜਥੇਬੰਦੀਆਂ ਉੱਤਰੀ ਭਾਰਤ ਦੇ ਸਾਂਝੇ ਫੋਰਮ ਵੱਲੋਂ ਦਿੱਤੇ ਗਏ ਸਾਂਝੇ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਸਰਕਾਰ ਦੀਆ ਕਾਰਪੋਰੇਟ ਘਰਾਣਿਆਂ ਪੱਖੀ ਤੇ ਕਿਸਾਨ ਮਾਰੂ ਨੀਤੀਆਂ ਵਿਰੁੱਧ ਐਸ ਡੀ ਐਮ ਜੈਤੋ ਦੇ ਦਫ਼ਤਰ ਵਿਖੇ ਪਰਾਲੀ ਦੀਆਂ ਟਰਾਲੀਆਂ ਨੂੰ ਭਰ ਕੇ ਪਰਾਲੀ ਦੇ ਠੋਸ ਹੱਲ, ਪਰਾਲੀ ਸਾੜਨ ਤੇ ਕੀਤੇ ਗਏ ਪਰਚੇ ਰੱਦ ਕਰਨ, ਫਰਦਾ ਵਿੱਚ ਦਰਜ ਰੈੱਡ ਇੰਟਰੀਆ ਅਤੇ ਜੁਰਮਾਨੇ ਆਦਿ ਰੱਦ ਕਰਵਾਉਣ, ਸਰਕਾਰ ਵੱਲੋ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨ ਜਿਵੇਂ ਕਿ ਪਾਸਪੋਰਟ ਅਤੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਅਤੇ ਸਬਸਿਡੀਆਂ ਰੱਦ ਕਰਨ ਸਮੇਤ ਹੋਰ ਸਰਕਾਰੀ ਸਹੂਲਤਾਂ ਰੱਦ ਕਰਨ ਦੇ ਦਿੱਤੇ ਗਏ ਹੁਕਮ ਵਾਪਸ ਕਰਵਾਉਣ ਅਤੇ ਨਿੱਜੀਕਰਨ ਨੂੰ ਹੱਲਾਸ਼ੇਰੀ ਦੇਣ ਵਾਲੀ ਨੀਤੀ ਤਹਿਤ ਪ੍ਰੀਪੇਡ ਮੀਟਰ ਲਗਾਉਣੇ ਬੰਦ ਕਰਵਾਉਣ, ਸੜੇ ਮੀਟਰਾਂ ਦੀ ਜਗ੍ਹਾ ਪਹਿਲੇ ਚੱਲ ਰਹੇ ਮੀਟਰ ਹੀ ਲਗਾਏ ਜਾਣ ਅਤੇ ਐਵਰੇਜ਼ ਅਨੁਸਾਰ ਬਿੱਲ ਭੇਜਣੇ ਬੰਦ ਕੀਤੇ ਜਾਣ ਦੀ ਮੰਗ ਅਤੇ ਭਾਰਤ ਮਾਲਾ ਸਮੇਤ ਸਾਰੇ ਪ੍ਰੋਜੈਕਟਾਂ ਤਹਿਤ ਕੱਢੀਆ ਜਾ ਰਹੀਆ ਸੜਕਾਂ ਲਈ ਜ਼ਮੀਨਾਂ ਅਕੁਆਇਰ ਕਰਨੀਆ ਬੰਦ ਕੀਤੀਆਂ ਜਾਣ ਕਿਉਂਕਿ ਭਾਰਤ ਦਾ ਹਰ ਪਿੰਡ ਕਸਬਾ ਅਤੇ ਸ਼ਹਿਰ ਸੜਕ ਤੇ ਰੇਲ ਮਾਰਗਾਂ ਰਾਹੀਂ ਪਹਿਲਾਂ ਹੀ ਆਪਸ ਵਿੱਚ ਜੁੜੇ ਹੋਏ ਹਨ। ਇਸ ਲਈ ਇਨ੍ਹਾਂ ਸਿਰਫ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਵਾਲੇ ਇਨ੍ਹਾਂ ਪ੍ਰੋਜੈਕਟਾਂ ਨੂੰ ਬੰਦ ਕਰਨ ਦੀ ਮੰਗ ਅਤੇ ਜਿਹੜੇ ਕਿਸਾਨ ਰਜਾਮੰਦੀ ਨਾਲ ਜ਼ਮੀਨਾਂ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮਾਰਕੀਟ ਰੇਟ ਦਾ 6 ਗੁਣਾ ਮੁਆਵਜ਼ਾ ਦੇਣ ਅਤੇ ਅਰਬਿਟਰੇਸ਼ਨ ਵਿੱਚ ਚੱਲ ਰਹੇ ਕੇਸ ਤੁਰੰਤ ਨਿਪਟਾਉਣ ਅਤੇ ਰੱਦ ਕੀਤੇ ਗਏ ਕੇਸ ਤੁਰੰਤ ਬਹਾਲ ਕਰਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਅਤੇ ਇਨ੍ਹਾਂ ਮਸਲਿਆ ਦੇ ਹੱਲ ਤੋਂ ਪਹਿਲਾ ਪੰਜਾਬ ਸਰਕਾਰ ਵੱਲੋਂ ਪੁਲਿਸ ਬਲ ਦੇ ਜੋਰ ਨਾਲ ਕਿਸਾਨਾਂ ਦੀਆ ਜ਼ਮੀਨਾਂ ਉੱਪਰ ਕਬਜ਼ੇ ਕਰਨ ਦੀਆਂ ਕੋਸ਼ਿਸ਼ਾ ਨੂੰ ਬੰਦ ਕਰਨ ਦੀ ਮੰਗ ਅਤੇ ਅਤਿ ਜ਼ਰੂਰੀ ਹਾਲਾਤਾ ਵਿੱਚ ਹੀ ਸੜਕ ਮਾਰਗ ਬਣਾਏ ਜਾਣ ਅਤੇ ਸੜਕ ਮਾਰਗ ਬਣਾਉਣ ਲਈ ਪੁਰਾਣੀ ਤਕਨੀਕ ਨੂੰ ਬਦਲ ਕੇ ਪਿੱਲਰਾ ਵਾਲੇ ਮਾਰਗ ਬਣਾਏ ਜਾਣ ਤਾਂ ਜੋ ਹੜ੍ਹ ਵਰਗੀ ਸਥਿਤੀ ਵਿੱਚ ਪਾਣੀ ਦਾ ਕੁਦਰਤੀ ਵਹਾਅ ਪ੍ਰਭਾਵਿਤ ਨਾ ਹੋਵੇ ਅਤੇ ਖੇਤੀਯੋਗ ਜ਼ਮੀਨ ਵੀ ਘੱਟ ਤੋਂ ਘੱਟ ਬਰਬਾਦ ਹੋਵੇ ਅਤੇ ਆਮ ਜਨਤਾ ਦੀ ਆਵਾਜਾਈ ਲਈ ਪੈਰਲਰ (ਲਿੰਕ ਰੋਡ) ਸੜਕ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ 18 ਕਿਸਾਨ ਜਥੇਬੰਦੀਆਂ ਉੱਤਰੀ ਭਾਰਤ ਦੇ ਸਾਂਝੇ ਫੋਰਮ ਵੱਲੋਂ ਜੋ ਹੋਰ ਮੰਗਾਂ ਲਈ ਸੰਘਰਸ਼ ਵਿੱਢਿਆ ਅਤੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਸ ਵਿੱਚ ਪੰਜਾਬ ਵਿੱਚ ਪੂਰਨ ਰੂਪ ਵਿੱਚ ਨਸ਼ਾਬੰਦੀ ਕੀਤੇ ਜਾਣ ਅਤੇ ਕਿਸੇ ਵਿਅਕਤੀ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋਣ ਦੀ ਸੂਰਤ ਵਿੱਚ ਉਸ ਇਲਾਕੇ ਦੇ ਐਮ.ਐਲ.ਏ, ਐਸ.ਐਸ.ਪੀ ਅਤੇ ਡੀ.ਐਸ.ਪੀ ਅਤੇ ਐਸ.ਐਚ.ਓ ਉੱਪਰ ਪਰਚਾ ਦਰਜ ਕੀਤੇ ਜਾਣ ਦੀ ਮੰਗ ਵੀ ਸ਼ਾਮਿਲ ਹੈ ਕਿਉਂਕਿ ਇਸ ਮੰਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਤੋਂ ਬਾਹਰ ਹੋਣ ਸਮੇਂ ਖੁਦ ਉਠਾਉਂਦੇ ਰਹੇ ਹਨ ਇਸ ਤੋਂ ਇਲਾਵਾ ਗੰਨਾ ਮਿੱਲਾਂ ਤੁਰੰਤ ਚਾਲੂ ਕਰਨ ਅਤੇ ਗੰਨੇ ਦੇ ਭਾਅ ਵਿੱਚ 120 ਰੁਪਏ ਦਾ ਵਾਧਾ ਕਰਨ ਅਤੇ ਗੰਨੇ ਦੀ 238 ਕਿਸਮ ਦੇ ਬਿਮਾਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕਰਨ ਅਤੇ ਪੰਜਾਬ ਸਰਕਾਰ ਨਾਲ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਮੰਨੀਆ ਹੋਈਆਂ ਮੰਗਾ ਮੁਤਾਬਕ ਜੁਮਲਾ ਮੁਸ਼ਤਰਕਾ ਮਾਲਕਨ ਵਾਲੀਆ ਜਮੀਨਾ ਸਮੇਤ ਹਰ ਤਰ੍ਹਾਂ ਦੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ ਜੁਮਲਾ ਮੁਸ਼ਤਰਕਾ ਮਾਲਕਨ ਜਮੀਨਾ ਨੂੰ ਪੰਚਾਇਤੀ ਜ਼ਮੀਨ ਵਿਚ ਬਦਲਣ ਵਾਲਾ ਫੈਸਲਾ ਤੁਰੰਤ ਰੱਦ ਕਰਨ ਦੀ ਮੰਗ ਅਤੇ ਝੋਨੇ ਦੇ ਚਾਲੂ ਸੀਜ਼ਨ ਦੌਰਾਨ ਸਰਕਾਰ ਵੱਲੋਂ ਮੰਡੀਆਂ ਬੰਦ ਕਰਨ ਦੇ ਦਿੱਤੇ ਨਿਰਦੇਸ਼ ਵਾਪਿਸ ਲਏ ਜਾਣ ਅਤੇ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਚੁੱਕੇ ਜਾਣ ਤੱਕ ਸਾਰੀਆਂ ਮੰਡੀਆਂ ਚਾਲੂ ਰੱਖਣ ਦੀ ਮੰਗ ਨੂੰ ਲੈ ਕੇ ਸਾਰੇ ਪੰਜਾਬ ਦੇ ਡੀ.ਸੀ ਦਫ਼ਤਰਾਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਕਿਉਂਕਿ ਹੜਾਂ ਕਾਰਨ ਡੁੱਬ ਕੇ ਮਰਿਆ ਹੋਇਆ ਝੋਨਾ ਜੋ ਦੁਆਰਾ ਲਗਾਇਆ ਗਿਆ ਹੈ ਉਹ ਸਾਰੇ ਦਾ ਸਾਰਾ ਖੇਤਾਂ ਵਿੱਚ ਹੀ ਖੜਾ ਹੈ। ਇਸ ਮੌਕੇ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਜੈਤੋ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ, ਬਲਜਿੰਦਰ ਸਿੰਘ ਵਾੜਾ ਭਾਈਕਾ ਪ੍ਰਧਾਨ ਬਲਾਕ ਬਾਜਾਖਾਨਾ, ਜਸਵਿੰਦਰ ਸਿੰਘ ਬੀਕੇਯੂ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ, ਨਾਇਬ ਸਿੰਘ ਭਗਤੂਆਣਾ, ਸਿਕੰਦਰ ਸਿੰਘ ਦਬੜੀਖਾਨਾ, ਮਾਸਟਰ ਦਰਸ਼ਨ ਸਿੰਘ ਬਾਜਾਖਾਨਾ, ਸਰਮੁੱਖ ਸਿੰਘ ਅਜਿੱਤਗਿੱਲ, ਜਤਿੰਦਰਜੀਤ ਸਿੰਘ ਭਿੰਡਰ, ਸ਼ਮਸ਼ੇਰ ਸਿੰਘ ਮੱਲਾ, ਹਰਜਿੰਦਰ ਸਿੰਘ ਨੀਟੂ ਰੋਮਾਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ।