ਬਠਿੰਡਾ , 20 ਨਵੰਬਰ (ਵੀਰਪਾਲ ਕੌਰ)- ਕਥਿਤ ਪਲਾਂਟ ਘਪਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਤੇ ਮੌਜੂਦਾ ਭਾਜਪਾ ਲੀਡਰ ਮਨਪ੍ਰੀਤ ਸਿੰਘ ਬਾਦਲ ਸੋਮਵਾਰ ਦੁਪਿਹਰ ਵੇਲੇ ਵਿਜੀਲੈਂਸ ਦਫ਼ਤਰ ਪੁੱਜੇ। ਇੱਥੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਕਰੀਬ 3 ਘੰਟੇ ਪੁੱਛਗਿੱਛ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਵੀ ਸ਼ਾਮਿਲ ਸਨ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰੀਬ ਸਾਢੇ 11 ਵਜੇ ਵਿਜੀਲੈਂਸ ਦਫਤਰ ਵਿਖੇ ਪਹੁੰਚੇ ਅਤੇ ਵਿਜੀਲੈਂਸ ਦਫਤਰ ਵਿੱਚ ਉਹਨਾਂ ਤੋਂ ਲੰਬੀ ਪੁੱਛਗਿਛ ਕੀਤੀ ਗਈ।। ਵਿਜੀਲੈਂਸ ਵਿਭਾਗ ਦੇ ਐਸਐਸਪੀ ਹਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਸਵਾਲਾਂ ਦੀ ਲੰਬੀ ਚੌੜੀ ਲਿਸਟ ਬਣਾਈ ਗਈ ਸੀ ਜਿਸ ਤਹਿਤ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ।
ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਦਫ਼ਤਰ ਤੋਂ ਬਾਹਰ ਆਏ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਤੀ ਤੇ ਸਿਆਸੀ ਰੰਜਿਸ਼ ਦੇ ਚਲਦਿਆਂ ਇਸ ਕੇਸ ‘ਚ ਫਸਾਇਆ ਗਿਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਚਾਹੇ ਉਨ੍ਹਾਂ ਨੂੰ ਸੌ ਵਾਰ ਬੁਲਾਏ ਤਾਂ ਵੀ ਆਉਣਗੇ , ਪਰ ਆਪ ਸਰਕਾਰ ਇਸ ਸਿਆਸੀ ਰੰਜਿਸ਼ ਨੂੰ ਛੱਡ ਪੰਜਾਬ ਦੇ ਮੁੱਦਿਆਂ ‘ਤੇ ਧਿਆਨ ਦੇਵੇ, ਕਿਉਂ ਕਿ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਉਨ੍ਹਾਂ ਨੂੰ ਪੰਜਾਬ ਦੀ ਜਿੰਮੇਵਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜਮਾਨਤ ਲੈਣ ਤੋਂ ਬਾਅਦ ਦਰਜ ਮਾਮਲੇ ਵਿੱਚ ਤਫਤੀਸ਼ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ ਪਰ ਇਸ ਮੌਕੇ ਉਨਾਂ ਵੱਲੋਂ ਪਿੱਠ ਦਰਦ ਦੀ ਪੀਜੀਆਈ ਵਿੱਚੋਂ ਚਲਦੇ ਇਲਾਜ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਸਨ, ਜਿਸ ਕਰਕੇ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਉਸ ਸਮੇਂ ਕਈ ਸਵਾਲਾਂ ਸਬੰਧੀ ਪੁੱਛਗਿਛ ਨਹੀਂ ਕੀਤੀ ਗਈ ਸੀ। ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਖਜ਼ਾਨਾ ਮੰਤਰੀ ਨੂੰ ਅੱਜ ਦੁਬਾਰਾ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ