20 ਨਵੰਬਰ 2023-ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿੱਚ ਬੀਤੀ ਰਾਤ ਇੱਕ ਪਾਰਟੀ ਹੋਈ, ਜਿਸ ਵਿੱਚ ਨਾਨ ਵੈਜ ਵੀ ਪਰੋਸਿਆ ਗਿਆ। ਇਸ ਪਾਰਟੀ ਵਿੱਚ ਪਾਕਿਸਤਾਨ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (PMU) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਵੀ ਸ਼ਾਮਲ ਹੋਏ। ਇਹ ਪਾਰਟੀ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਵੀਹ ਫੁੱਟ ਦੀ ਦੂਰੀ ‘ਤੇ ਆਯੋਜਿਤ ਕੀਤੀ ਗਈ ਸੀ।
ਇਸ ਗੱਲ ਦਾ ਸਖ਼ਤ ਨੋਟਿਸ ਲੈਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਮਰਿਆਦਾ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਜਿਹਨਾਂ ਨੇ ਮਰਿਆਦਾ ਨਾਲ ਖਿਲਵਾੜ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਹਨਾਂ ਲੋਕਾਂ ਨੂੰ ਸਿੱਖ ਪੰਥ ਤੋਂ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਪਾਕਿਸਤਾਨ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਤਾਰਪੁਰ ਲਾਂਘੇ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਦੀ ਦੇਖ-ਰੇਖ ਲਈ ਪਾਕਿਸਤਾਨ ਐਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਕਾਇਮ ਕੀਤੇ ਗਏ ਪ੍ਰਾਜੈਕਟ ਮੈਨੇਜਮੇਂਟ ਯੂਨਿਟ ਵੱਲੋਂ ਗੁਰਦੁਆਰਾ ਸਾਹਿਬ ਦੇ ਬਿਲਕੁੱਲ ਨਾਲ ਲਗਦੇ ਪੀਐੱਮਯੂ ਦਫ਼ਤਰ ਦੇ ਬਾਹਰ ਨਾਰੋਵਾਲ ਦੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਅਧਿਕਾਰੀ ਅਤੇ ਹੋਰ ਅਧਿਕਾਰੀਆਂ ਲਈ ਨਾਚ-ਗਾਣੇ ਅਤੇ ਬਾਰ-ਬੀ-ਕਿਉ ਦਾ ਬੰਦੋਬਸਤ ਕੀਤਾ ਗਿਆ ਸੀ। ਜਿਸ ਵਿਚ ਪੀਐੱਮਯੂ ਦੇ ਸੀਈਓ ਅਬੂ ਬਕਰ ਆਫ਼ਤਾਬ ਕੁਰੈਸ਼ੀ ਵੀ ਸਾਥੀ ਅਫ਼ਸਰਾਂ ਨਾਲ ਫਿਲਮੀ ਗੀਤਾਂ ’ਤੇ ਨਾਚ ਕਰਦੇ ਵਿਖਾਈ ਦਿੱਤੇ।
ਉੱਧਰ ਇਸ ਘਟਨਾ ਦਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਖ਼ਤ ਨੋਟਿਸ ਲਿਆ ਹੈ। ਲਾਲਪੁਰਾ ਨੇ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਲਿਖ ਕੇ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਦੋਸ਼ੀ ਅਫ਼ਸਰਾਂ ਤੇ ਹੋਰਨਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਤਾਕੀਦ ਕੀਤੀ ਹੈ। ਲਾਲਪੁਰਾ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਪਹਿਲਾਂ ਵੀ ਬੇਅਦਬੀ ਦੀਆਂ ਵਾਰਦਾਤਾਂ ਹੁੰਦੀਆਂ ਰਹੀਆਂ ਹਨ ਪਰ ਹੁਣ ਤਾਂ ਹੱਦ ਹੀ ਹੋ ਗਈ ਕਿਉਂਕਿ ਇਸ ਬੇਅਦਬੀ ਵਿਚ ਪਾਕਿਸਤਾਨ ਦੇ ਅਫ਼ਸਰ ਵੀ ਸ਼ਾਮਲ ਸਨ। ਲਾਲਪੁਰਾਂ ਨੇ ਦੱਸਿਆ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਪਾਰਟੀ ਵਿਚ ਪਾਕਿਸਤਾਨ ਦੀ ਪ੍ਰਾਜੈਕਟ ਪ੍ਰਬੰਧਨ ਇਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੁਹੰਮਦ ਅਬੂ ਬਕਰ ਆਫ਼ਤਾਬ ਕੁਰੈਸ਼ੀ ਸਮੇਤ ਜ਼ਿਲ੍ਹਾ ਨਾਰੋਵਾਲ ਦੇ ਡੀਸੀ ਮੁਹੰਮਦ ਸ਼ਾਹਰੁੱਖ, ਪੁਲਿਸ ਅਧਿਕਾਰੀਆਂ ਸਮੇਤ ਕੁਲ 80 ਤੋਂ ਵੱਧ ਲੋਕ ਸ਼ਾਮਲ ਸਨ।
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।ਸਿਰਸਾ ਨੇ ਕਿਹਾ ਕਿ ਮੈਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਅੰਦਰ ਸ਼ਰਾਬ ਅਤੇ ਮੀਟ ਦੀ ਵਰਤੋਂ ਨਾਲ ਜੁੜੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਖਾਸ ਤੌਰ ‘ਤੇ ਨਿਰਾਸ਼ਾਜਨਕ ਹੈ ਕਿ ਕਰਤਾਰਪੁਰ ਗੁਰਦੁਆਰਾ ਕਮੇਟੀ ਪ੍ਰਸ਼ਾਸਨ ਇਸ ਵਿੱਚ ਸ਼ਾਮਲ ਸੀ। ਕੰਪਲੈਕਸ ਦੇ ਅੰਦਰ ਕੁਆਰਟਰ ਵਿੱਚ ਸ਼ਰਾਬ, ਮਾਸ-ਮੀਟ ਦਾ ਸੇਵਨ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸਥਾਨ, ਜੋ ਸਾਰੀ ਲੋਕਾਈ ਨੂੰ ਸੰਦੇਸ਼ ਦਿੰਦਾ ਹੈ, ਉਥੇ ਅਜਿਹਾ ਪਾਪ ਕੀਤਾ ਗਿਆ ਤੇ ਪਾਪ ਕਰਨ ਵਾਲੇ ਲੋਕ ਪ੍ਰਬੰਧ ਨੂੰ ਹੀ ਚਲਾਉਣ ਵਾਲੇ ਲੋਕ ਹਨ। ਭਾਜਪਾ ਆਗੂ ਨੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡੀ ਬੇਅਦਬੀ ਦੱਸਦਿਆਂ ਕਿਹਾ ਕਿ ਕਿ ਪਾਕਿਸਤਾਨ ਦੀ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਰੇ ਜ਼ਿੰਮੇਵਾਰ ਲੋਕਾਂ ਖਿਲਾਫ ਪੂਰੀ ਅਤੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਤੁਰੰਤ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀਆਂ ਦੇ ਵਿਸ਼ਵਾਸ ਨੂੰ ਲਗਾਤਾਰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ।