12 ਨਵੰਬਰ 2023– ਇਟਲੀ ‘ਚ ਸੜਕ ਹਾਦਸੇ ‘ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਇੱਕ ਨੌਜਵਾਨ ਜਲੰਧਰ ਦੇ ਉਚਾ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਗੁਰਤੇਜ ਸਿੰਘ ਉਰਫ਼ ਗੁਰੀ (27) ਵਜੋਂ ਹੋਈ ਹੈ। ਬੀਤੀ ਰਾਤ ਉਹ ਇੱਕ ਕਾਰ ਵਿਚ ਉਰਮੇਲੇ-ਉਡੇਰਸੋ ਹਾਈਵੇ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ‘ਤੇ ਫਿਸਲ ਗਈ ਅਤੇ ਬੈਰੀਕੇਡ ਨਾਲ ਜਾ ਟਕਰਾਈ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।
ਇਹ ਹਾਦਸਾ ਇਟਲੀ ਦੇ ਤਰਵੀਜੋ ਸ਼ਹਿਰ ਨੇੜੇ ਵਾਪਰਿਆ। ਤਿੰਨੋਂ ਨੌਜਵਾਨ ਔਡੀ ਕਾਰ ਵਿਚ ਸਵਾਰ ਸਨ। ਜਲੰਧਰ ਦੇ ਰਹਿਣ ਵਾਲੇ ਗੁਰੀ ਦੀ ਪਛਾਣ ਹੋ ਗਈ ਹੈ ਪਰ ਉਸ ਦੇ ਦੋ ਸਾਥੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਘਟਨਾ ‘ਚ ਇਕ ਹੋਰ ਪੈਦਲ ਯਾਤਰੀ ਵੀ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਤਰਵੀਜੋ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਹੈ। ਤਰਵੀਜੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।