ਫ਼ਾਜ਼ਿਲਕਾ, 8 ਨਵੰਬਰ – ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਤਾਪ ਬਾਗ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਦੀ ਸਟਾਲ ‘ਤੇ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਹਰ ਕੋਈ ਪਹੁੰਚ ਰਿਹਾ ਹੈ। ਇਸ ਸਟਾਲ ਦਾ ਸੈਲਫੀ ਪੁਆਇੰਟ ਸਭ ਲਈ ਖਿੱਚ ਦਾ ਕੇਂਦਰ ਹੈ। ਸਵੀਪ ਦੇ ਜ਼ਿਲ੍ਹਾ ਇੰਚਾਰਜ ਪ੍ਰਿੰਸੀਪਲ ਰਜਿੰਦਰ ਵਿਖੋਨਾ ਨੇ ਦੱਸਿਆ ਕਿ ਅੱਜ ਅਕਾਲ ਐਕਡਮੀ ਦੇ ਬੱਚਿਆਂ ਨੇ ਜਿੱਥੇ ਸਵੀਪ ਦੇ ਸਟਾਲ ‘ਤੇ ਆ ਕੇ ਵੋਟ ਪ੍ਰਣਾਲੀ ਬਾਰੇ ਜਾਣਕਾਰੀ ਲਈ ਉਥੇ ਹੀ ਇਕ 88 ਸਾਲ ਦੇ ਬਜ਼ੁਰਗ ਤਿਲਕ ਰਾਜ ਨੇ ਵੀ ਇਸ ਸਟਾਲ ‘ਤੇ ਆ ਕੇ ਚੋਣ ਕਮਿਸ਼ਨ ਵੱਲੋਂ ਨਿਰਪੱਖ ਮਤਦਾਨ ਅਤੇ ਸਭ ਨੂੰ ਮਤਦਾਨ ਲਈ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾ ਰਹੀ ਹੈ ਅਤੇ ਇਸ ਸਟਾਲ ਤੇ ਆਉਣ ਵਾਲਿਆਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਖਾਸ ਕਰਕੇ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।