ਮਾਨਸਾ30 ਸਤੰਬਰ 2023-: ਪੈਸੇ ਬਦਲੇ ਕੈਦੀਆਂ ਨੂੰ ਨਸ਼ਾ ਤੇ ਮੋਬਾਈਲ ਦੇਣ ਦੇ ਇਲਜ਼ਾਮ ਤਹਿਤ ਮਾਨਸਾ ਜੇਲ ਦੇ ਦੋ ਡਿਪਟੀ ਸੁਪਰਡੈਂਟਾਂ ਸਣੇ 5 ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਡਿਪਟੀ ਸੁਪਰਡੈਂਟ ਰਿਵਮ ਤੇਜ ਸਿੰਗਲਾ ਅਤੇ ਕੁਲਜੀਤ ਸਿੰਘ, ਡਾਕਟਰ ਸੰਦੀਪ ਸਿੰਘ ਤੋਂ ਇਲਾਵਾ ਅਮਰਜੀਤ ਸਿੰਘ ਅਤੇ ਅੰਕੁਰ ਮਹਿਤਾ ਵਿਰੁਧ ਆਈਪੀਸੀ ਦੀ ਧਾਰਾ 409, ਪਰੀਜ਼ਨ ਐਕਟ ਦੀ ਧਾਰਾ 52, ਪੀਸੀ ਸੈਕਸ਼ਨ 7,8,11,13,1d, ਆਈਟੀਐਕਸ 66ਸੀ, 66 ਸੀ ਅਤੇ ਐਨਡੀਪੀਐਸ ਐਕਟ 27 ਏ ਲਗਾਈ ਗਈ ਹੈ।ਮਾਮਲੇ ਵਿਚ 2 ਕੈਦੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਏਡੀਜੀਪੀ ਜੇਲਾਂ ਅਰੁਣ ਪਾਲ ਸਿੰਘ ਨੇ ਮਾਨਸਾ ਜੇਲ ਦੇ 2 ਸੁਪਰਡੈਂਟਾਂ ਸਮੇਤ 6 ਲੋਕਾਂ ਨੂੰ ਮੁਅੱਤਲ ਕੀਤਾ ਸੀ। ਇਨ੍ਹਾਂ ਵਿਚ ਡਿਪਟੀ ਸੁਪਰਡੈਂਟ ਰਿਵਮ ਤੇਜ ਸਿੰਗਲਾ, ਕੁਲਜੀਤ ਸਿੰਘ ਸਮੇਤ ਵਾਰਡਨ ਨਿਰਮਲ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਅਤੇ ਹਰਪ੍ਰੀਤ ਸਿੰਘ ਪੱਟੀ ਨੰਬਰ 1405 ਸ਼ਾਮਲ ਸਨ।
ਦੱਸ ਦੇਈਏ ਮਾਨਸਾ ਜੇਲ ਤੋਂ ਰਿਹਾਅ ਹੋਏ ਕੈਦੀ ਸੁਭਾਸ਼ ਕੁਮਾਰ ਅਰੋੜਾ ਨੇ ਜੇਲ ‘ਚ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਦੀ ਵਰਤੋਂ ਦਾ ਖੁਲਾਸਾ ਮੀਡੀਆ ‘ਚ ਕੀਤਾ ਸੀ। ਉਨ੍ਹਾਂ ਦਸਿਆ ਸੀ ਕਿ ਜੇਲ ‘ਚ ਪ੍ਰਭਾਵਸ਼ਾਲੀ ਅਤੇ ਆਰਥਕ ਤੌਰ ‘ਤੇ ਮਜ਼ਬੂਤ ਕੈਦੀ ਜੇਲ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ੇ ਸਮੇਤ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਦੇ ਹਨ। ਉਸ ਨੇ ਜੇਲ ਵਿਚ ਮੋਬਾਈਲ ਫੋਨਾਂ ਦੀ ਸ਼ਰੇਆਮ ਵਰਤੋਂ ਬਾਰੇ ਵੀ ਅਹਿਮ ਜਾਣਕਾਰੀ ਦਿਤੀ ਸੀ।