25 ਸਤੰਬਰ 2023-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋ ਰਹੀ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਦੀ ਅੱਜ ਸੋਮਵਾਰ ਨੂੰ ਹੋਣ ਵਾਲੀ ਇਕੱਤਰਤਾ ਵਿਚ ਜਨਰਲ ਹਾਊਸ ਸੱਦਣ ਦੀ ਤਰੀਕ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਮੁਤਾਬਕ ਜਨਰਲ ਹਾਊਸ 15 ਅਕਤੂਬਰ ਤੋਂ 30 ਨਵੰਬਰ ਤੱਕ ਸੱਦਿਆ ਜਾ ਸਕਦਾ ਹੈ ਜਿਸ ਅਨੁਸਾਰ 16 ਅਕਤੂਬਰ ਦੇ ਆਸ-ਪਾਸ ਜਨਰਲ ਹਾਊਸ ਸੱਦਿਆ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਪਾਰਟੀ ਇਸ ਵਾਰ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਪ੍ਰਧਾਨ ਦਾ ਉਮੀਦਵਾਰ ਐਲਾਨ ਸਕਦੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਾਰਜਕਾਲ ਪਾਰਟੀ ਲਈ ਲਾਹੇਵੰਦ ਰਿਹਾ ਹੈ ਅਤੇ ਤੀਸਰੀ ਵਾਰ ਵੀ ਐਡਵੋਕੇਟ ਧਾਮੀ ਨੂੰ ਉਮੀਦਵਾਰ ਬਣਾ ਕੇ ਹੈਟ੍ਰਿਕ ਬਣਾਈ ਜਾ ਸਕਦੀ ਹੈ। ਪਿਛਲੇ ਸਾਲ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਦੇ ਬਾਗ਼ੀ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਇਕੱਠੇ ਹੋ ਕੇ ਅਕਾਲੀ ਦਲ ਦੇ ਵਿਰੁੱਧ ਚੋਣ ਲੜਨ ਲਈ ਲਾਮਬੰਦ ਹੁੰਦਿਆਂ ਦੇਖ ਅਚਾਨਕ ਹੀ ਜਨਰਲ ਹਾਊਸ 9 ਨਵੰਬਰ 2022 ਨੂੰ ਸੱਦ ਲਿਆ ਸੀ ਜਿਸ ਦੀ ਤਰੀਕ ਅੱਗੇ ਪਾਉਣ ਲਈ ਉਪਰੋਕਤਾਂ ਨੇ ਜਨਰਲ ਇਜਲਾਸ ਨੂੰ ਅੱਗੇ ਕਰਨ ਲਈ ਵੀ ਕਿਹਾ ਸੀ ਪਰ ਵਿਰੋਧੀ ਧਿਰ ਹੋਣ ਕਾਰਨ 9 ਨਵੰਬਰ ਨੂੰ ਹੀ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਇਆ ਸੀ ਜਿਸ ਵਿਚ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਈ ਸੀ।