ਬਠਿੰਡਾ, 22 ਸਤੰਬਰ (ਵੀਰਪਾਲ ਕੌਰ)-ਸਥਾਨਕ ਮੁਲਤਾਨੀਆਂ ਰੋਡ ’ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ‘ਚ ਗ੍ਰੰਥੀ ਸਿੰਘਾਂ ਵੱਲੋਂ ਕੁੜੀ ਦਾ ਕੁੜੀ ਨਾਲ ਹੀ ਅਨੰਦ ਕਾਰਜ ਕਰਵਾਏ ਜਾਣ ਦਾ ਮਾਮਲਾ ਭੱਖ ਗਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਾਮਲੇ ਵਿੱਚ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘਬੀਰ ਸਿੰਘ ਨੂੰ ਭੇਜ ਦਿੱਤੀ ਹੈ।ਦੱਸ ਦੇਈਏ ਕਿ ਮਾਮਲੇ ਦਾ ਪਤਾ ਲੱਗਣ ’ਤੇ ਪੰਥਕ ਜਥੇਬੰਦੀਆਂ ਲਗਾਤਾਰ ਵੱਡੀ ਗਿਣਤੀ ਸਿੱਖ ਨੌਜਵਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੋਰ ਕਮੇਟੀ ਦੇ ਮੈਂਬਰ ਪਰਮਿੰਦਰ ਸਿੰਘ ਬਾਲਿਆਂਵਾਲੀ, ਦਲ ਖਾਲਸਾ ਦੇ ਕੌਮੀ ਉਪ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਸ੍ਰੋਮਣੀ ਅਕਾਲੀ ਦਲ ਫਤਿਹ ਦੇ ਜ਼ਿਲ੍ਹਾ ਪ੍ਰਧਾਨ ਜੋਬਨਦੀਪ ਸਿੰਘ ਪੂਹਲਾ ਅਤੇ ਸਿਮਰਨਜੋਤ ਸਿੰਘ ਖਾਲਸਾ ਦੀ ਅਗਵਾਈ ਹੇਠ ਇੱਕਠੇ ਹੋ ਗਏ। ਉਨ੍ਹਾਂ ਜਿੱਥੇ ਗੁਰਦੁਆਰਾ ਸਾਹਿਬ ਵਿਚ ਪਹੁੰਚ ਕੇ ਗ੍ਰੰਥੀ ਸਿੰਘਾਂ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਉਥੇ ਹੀ ਮਾਮਲਾ ਸ੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਂਦਾ।
ਜਾਣਕਾਰੀ ਅਨੁਸਾਰ 18 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਮਾਨਸਾ ਦੀ ਕੁੜੀ ਡਿੰਪਲ ਅਤੇ ਬਠਿੰਡਾ ਦੀ ਕੁੜੀ ਮਨੀਸ਼ਾ ਨੇ ਇਕ ਦੂਜੇ ਨਾਲ ਵਿਆਹ ਕਰਵਾ ਲਿਆ ਸੀ। ਡਿੰਪਲ ਨੇ ਮੁੰਡਾ ਬਣ ਕੇ ਮਨੀਸ਼ਾ ਨਾਲ ਵਿਆਹ ਕਰਵਾਇਆ ਸੀ। ਦੋਵੇਂ ਕੁੜੀਆਂ ਹੋਣ ਸਬੰਧੀ ਪਤਾ ਹੋਣ ’ਤੇ ਵੀ ਗ੍ਰੰਥੀ ਸਿੰਘਾਂ ਨੇ ਆਨੰਦ ਕਾਰਜ ਕਰਵਾ ਦਿੱਤੇ ਸਨ। ਵਿਆਹ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ, ਜਿਸ ਉੱਪਰ ਲੋਕਲ ਗੁਰਦੁਆਰਾ ਕਮੇਟੀ ਦੀ ਮੋਹਰ ਵੀ ਲਾਈ ਗਈ ਹੈ।ਲੋਕਲ ਗੁਰਦੁਆਰਾ ਕਮੇਟੀ ਨੇ ਦੋਵਾਂ ਗ੍ਰੰਥੀ ਸਿੰਘਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ ਪਰ ਦੂਜੇ ਪਾਸੇ ਪੰਥਕ ਜਥੇਬੰਦੀਆਂ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕਰ ਰਹੀਆਂ ਹਨ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਨੇ ਦੱਸਿਆ ਕਿ ਕਮੇਟੀ ਨੇ ਇਸ ਮਾਮਲੇ ਵਿਚ ਪੜਤਾਲ ਪੂਰੀ ਕਰ ਲਈ ਹੈ, ਜਿਸ ਦੀ ਰਿਪੋਰਟ ਅਗਲੀ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅਗਲੀ ਕਾਰਵਾਈ ਸ੍ਰੀ ਅਕਾਲ ਤਖ਼ਤ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਜਾਣੀ ਹੈ। ਇੱਥੇ ਜ਼ਿਕਰਯੋਗ ਹੈ ਕਿ ਉਕਤ ਵਿਆਹ ਦੀ ਇਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਇਕ ਕੁੜੀ ਨੇ ਬਕਾਇਦਾ ਦਸਤਾਰ ਸਜਾਈ ਹੋਈ ਹੈ।