21 ਸਤੰਬਰ 2023-ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ ਚਲਾਉਣ ਦੀ ਤਜਵੀਜ਼ ਹੈ। ਹਾਈ ਸਪੀਡ ਰੇਲ ਗੱਡੀ ਦੀ ਤਜਵੀਜ਼ਸ਼ੁਦਾ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਇਹ ਰੇਲ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੇ 465 ਕਿਲੋਮੀਟਰ ਦੇ ਸਫ਼ਰ ਨੂੰ ਮਹਿਜ਼ ਦੋ ਘੰਟੇ ਵਿੱਚ ਪੂਰਾ ਕਰੇਗੀ।ਇਹ ਰੇਲ ਚੰਡੀਗੜ੍ਹ ਸਣੇ 15 ਸਟੇਸ਼ਨਾਂ ਉਤੇ ਰੁਕੇਗੀ। ਇਸ ਗੱਡੀ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ, ਅਪਰੇਸ਼ਨਲ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਐਵਰੇਜ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।ਜਾਣਕਾਰੀ ਮੁਤਾਬਕ ਰੇਲ ਗੱਡੀ ਵਿੱਚ 750 ਯਾਤਰੀ ਸਫ਼ਰ ਕਰ ਸਕਣਗੇ। ਇਸ ਗੱਡੀ ਲਈ ਕੱਢੀ ਜਾਣ ਵਾਲੀ ਰੇਲਵੇ ਲਾਈਨ ਧਰਤੀ ਤੋਂ 18 ਫੁੱਟ ਉੱਚੀ ਹੋਵੇਗੀ ਤੇ ਇਸ ਦੀ ਚੌੜਾਈ 60 ਤੋਂ 65 ਫੁੱਟ ਹੋਵੇਗੀ। ਇਸ ਰੇਲਵੇ ਲਾਈਨ ਵਿੱਚ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣ ਵਾਲੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਦਿੱਲੀ ਦੇ 22, ਹਰਿਆਣਾ ਦੇ 135 ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹੋਣਗੇ।