ਬਠਿੰਡਾ, 18 ਸਤੰਬਰ (ਵੀਰਪਾਲ ਕੌਰ)-ਸਥਾਨਕ ਅਰਜੁਨ ਨਗਰ ’ਚ ਸ਼ੁੱਕਰਵਾਰ ਦੇਰ ਰਾਤ 27 ਸਾਲਾ ਨੌਜਵਾਨ ਆਕਾਸ਼ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ’ਚ ਨਾਮਜ਼ਦ 9 ਮੁਲਜ਼ਮਾਂ ’ਚੋਂ ਪੁਲਿਸ ਨੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਆਕਾਸ਼ ਉਰਫ਼ ਬੋਹੋਮੀਆ ਵਾਸੀ ਪਰਸਰਾਮ ਨਗਰ, ਮੁਨੀਤ ਵਾਸੀ ਕਿਲ੍ਹਾ ਰੋਡ ਬਠਿੰਡਾ, ਸਚਿਨ ਵਾਸੀ ਪਰਸਰਾਮ ਨਗਰ, ਅਭਿਸ਼ੇਕ ਕੁਮਾਰ ਵਾਸੀ ਗੋਪਾਲ ਨਗਰ ਵਜੋਂ ਹੋਈ ਹੈ, ਜਦੋਂ ਕਿ ਮੁਲਜ਼ਮਾਂ ਅਜੇ, ਅਭੈ, ਹਨੀ ਵਾਸੀ ਜਨਤਾ ਨਗਰ, ਮਨਪ੍ਰੀਤ ਸਿੰਘ ਵਾਸੀ ਪਿੰਡ ਗਹਿਰੀ ਭਾਗੀ ਅਤੇ ਕੇਕੜਾ ਵਾਸੀ ਬਠਿੰਡਾ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ, ਤਾਂ ਜੋ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਐੱਸਆਈ ਮੁਖ਼ਤਿਆਰ ਸਿੰਘ ਅਨੁਸਾਰ ਹੁਣ ਤਕ ਦੀ ਜਾਂਚ ਵਿਚ ਕਤਲ ਦਾ ਮੁੱਖ ਕਾਰਨ ਇਹ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਆਕਾਸ਼ ਉਰਫ਼ ਬੋਹੋਮੀਆ ਮ੍ਰਿਤਕ ਨੌਜਵਾਨ ਆਕਾਸ਼ ਦੀ ਭੈਣ ’ਤੇ ਬੁਰੀ ਨਜ਼ਰ ਰੱਖਦਾ ਸੀ। ਇਸ ਮਾਮਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਆਕਾਸ਼ ਦੀ ਮੁਲਜ਼ਮ ਆਕਾਸ਼ ਉਰਫ਼ ਬੋਹੋਮੀਆ ਨਾਲ ਲੜਾਈ ਹੋਈ ਸੀ, ਜਿਸ ਦਾ ਬਦਲਾ ਲੈਣ ਦੀ ਨੀਅਤ ਨਾਲ ਮੁਲਜ਼ਮ ਬੋਹੋਮੀਆ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਆਕਾਸ਼ ਨੂੰ 15 ਸਤੰਬਰ ਦੀ ਰਾਤ ਨੂੰ ਘਰ ਦੇ ਬਾਹਰ ਬੁਲਾਇਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦੀ ਘਟਨਾ ਨੇੜੇ ਹੀ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਕਾਰਨ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ। ਇਸ ਆਧਾਰ ’ਤੇ ਪੁਲਿਸ ਨੇ 9 ਨੌਜਵਾਨਾਂ ਨੂੰ ਨਾਮਜ਼ਦ ਕਰ ਕੇ ਕਤਲ ਦਾ ਮਾਮਲਾ ਦਰਜ ਕੀਤਾ ਸੀ।