ਬਠਿੰਡਾ, 18 ਸਤੰਬਰ (ਵੀਰਪਾਲ ਕੌਰ) : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਚੈਕਮੇਟ ਸਕਿਉਰਿਟੀ ਲਿਮਟਿਡ ਤੇ ਫਲਿਪਕਾਰਟ ਦੇ ਸਹਿਯੋਗ ਨਾਲ ਸਕਿਉਰਿਟੀ ਗਾਰਡ ਤੇ ਡਲਿਵਰੀ ਬੁਆਏ ਦੀਆਂ ਅਸਾਮੀਆਂ ਲਈ 20 ਸਤੰਬਰ 2023 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ ਚੇਅਰਮੈਨ ਡੀ.ਬੀ.ਈ.ਈ. ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਸਕਿਉਰਿਟੀ ਗਾਰਡ ਦੀਆਂ ਅਸਾਮੀਆਂ ਲਈ ਘੱਟੋ-ਘੱਟ ਯੋਗਤਾ 10 ਵੀਂ ਜਾਂ 12ਵੀਂ ਪਾਸ ਹੋਣੀ ਚਾਹੀਦੀ ਹੈ। ਉਮਰ ਹੱਦ 20 ਤੋਂ 55 ਸਾਲ ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ ਅਤੇ ਫਲਿਪਕਾਰਟ ਵਿੱਚ ਡਲਿਵਰੀ ਬੁਆਏ ਦੀ ਅਸਾਮੀ ਲਈ ਯੋਗਤਾ ਅੱਠਵੀਂ ਅਤੇ ਉਮਰ ਹੱਦ 18 ਤੋਂ 40 ਸਾਲ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਸ਼ਾਖਾ ਤੋਂ ਬਲਤੇਜ ਸਿੰਘ ਨੇ ਦੱਸਿਆ ਕਿ ਸਕਿਉਰਿਟੀ ਗਾਰਡ ਵਿੱਚ ਸਿਲੈਕਟ ਹੋਏ ਪ੍ਰਾਰਥੀਆਂ ਦੀ ਤਨਖਾਹ 14700/- ਰੁਪਏ ਪ੍ਰਤੀ ਮਹੀਨਾ ਅਤੇ ਡਲਿਵਰੀ ਬੁਆਏ ਲਈ ਤਨਖਾਹ 15 ਹਜ਼ਾਰ ਰੁਪਏ ਪ੍ਰਤੀ ਮਹੀਨਾਂ ਨਾਲ ਈ.ਐਸ.ਆਈ.+ਪੀ.ਐਫ. ਦੀ ਸੁਵਿਧਾ ਵੀ ਹੋਵੇਗੀ। ਇਨ੍ਹਾਂ ਅਸਾਮੀਆਂ ਲਈ ਚਾਹਵਾਨ ਉਮੀਦਵਾਰ 20 ਸਤੰਬਰ 2023 ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਇੰਟਰਵਿਉ ਲਈ ਪਹੁੰਚ ਸਕਦੇ ਹਨ। ਇਸ ਤੋਂ ਇਲਾਵਾ ਹੋਰ ਅਪਡੇਟ ਲਈ ਪ੍ਰਾਰਥੀ ਦਫ਼ਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।