- ਡਾਇਲਸੈਸ ਸੈਂਟਰ ‘ਚ ਨਵੀਂ ਤਕਨੀਕ ਦੀਆਂ ਅਤਿ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਂਦਾ ਲੋੜਵੰਦ ਮਰੀਜ਼ ਦਾ ਮੁਫ਼ਤ ਡਾਇਲਸੈਸ
ਬਠਿੰਡਾ, 16 ਅਗਸਤ (ਵੀਰਪਾਲ ਕੌਰ): ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਨੂੰ ਉਨ੍ਹਾਂ ਦੇ ਦਰ੍ਹਾਂ ਦੇ ਨੇੜੇ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਤੇ ਵਚਨਵੱਧ ਹੈ। ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਚ ਸੁਧਾਰ ਲਿਆਂਦਾ ਗਿਆ ਹੈ ਤੇ ਸਿਹਤ ਖੇਤਰ ਚ ਕ੍ਰਾਂਤੀਕਾਰੀ, ਨਵੇਕਲੀਆਂ ਅਤੇ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਸਥਿਤ ਡਾਇਲਸੈਸ ਸੈਂਟਰ ਤੋਂ ਮਾਲਵੇ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਲੋੜਵੰਦ ਮਰੀਜ਼ ਵੀ ਸੇਵਾਵਾਂ ਲੈ ਰਹੇ ਹਨ ਅਤੇ ਜਿਨ੍ਹਾਂ ਚ ਹੁਣ ਤੱਕ 1950 ਮਰੀਜ਼ ਮੁਫ਼ਤ ਡਾਇਲਸੈਸ ਕਰਵਾ ਕੇ ਲਾਹਾ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ‘ਚ ਅਤਿ ਆਧੁਨਿਕ ਡਾਇਲਸੈਸ ਮਸ਼ੀਨਾਂ ਸਥਾਪਤ ਹਨ, ਜਿਨ੍ਹਾਂ ਰਾਹੀਂ ਲੋੜਵੰਦ ਮਰੀਜ਼ ਦਾ ਪੂਰਾ ਡਾਇਲਸੈਸ ਮੁਫ਼ਤ ਕੀਤਾ ਜਾਂਦਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਐਸਐਮਓ ਡਾ. ਮਨਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਇਸ ਡਾਇਲਸੈਸ ਸੈਂਟਰ ਵਿਖੇ ਮੈਡੀਕਲ ਸਪੈਸ਼ਲਿਸਟ ਡਾ. ਗੁਰਇੰਦਰ ਕੌਰ, ਡਾ. ਸਾਹਸ ਜਿੰਦਲ, ਡਾ. ਜਗਰੂਪ ਸਿੰਘ ਵਲੋਂ ਆਪਣੀਆਂ ਨਿਰਵਿਘਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡਾਇਲਸੈਸ ਸੈਂਟਰ ਚ ਸਥਾਪਤ ਅਤਿ ਆਧੁਨਿਕ ਮਸ਼ੀਨਾਂ ਰਾਹੀਂ ਇੱਕ ਦਿਨ ਵਿੱਚ ਤਕਰੀਬਨ 15 ਤੋਂ 18 ਮਰੀਜ਼ਾਂ ਦਾ ਡਾਇਲਸੈਸ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾਇਲਸੈਸ ਕਰਵਾਉਣ ਵਾਲੇ ਮਰੀਜ਼ ਦੀ ਆਯੂਸ਼ਮਾਨ ਦੇ ਤਹਿਤ ਰਜਿਸਟ੍ਰੇਸ਼ਨ ਮੌਕੇ ਉੱਤੇ ਹੀ ਕੀਤੀ ਜਾਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਮਰੀਜ਼ਾਂ ਦਾ ਡਾਇਲਸੈਸ ਕਰਨ ਸਮੇਂ ਜ਼ਿਆਦਾ ਸਮਾਂ ਲੱਗਣ ਕਾਰਨ ਉਨ੍ਹਾਂ ਦੇ ਧਿਆਨ ਨੂੰ ਮੁੱਖ ਰੱਖਦਿਆ ਹਰ ਇੱਕ ਕਮਰੇ ਵਿੱਚ ਐਲ.ਈ.ਡੀਜ਼ ਤੋਂ ਇਲਾਵਾ ਹੋਰ ਵੀ ਲੋੜੀਂਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ਾਂ ਦੇ ਨਾਲ ਆਉਣ ਵਾਲੇ ਰਿਸ਼ਤੇਦਾਰਾਂ ਲਈ ਬੈਠਣ ਤੋਂ ਇਲਾਵਾ ਸਾਫ਼ ਪੀਣ ਵਾਲੇ ਪਾਣੀ ਦਾ ਖ਼ਾਸ ਪ੍ਰਬੰਧ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ।