03, ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਸੋਮਵਾਰ ਸਵੇਰੇ ਡਰੋਨ ਉੱਡਣ ਦੀ ਖਬਰ ਨੇ ਹਲਚਲ ਮਚਾ ਦਿੱਤੀ। ਐਸ.ਪੀ.ਜੀ ਨੇ ਇਸ ਬਾਰੇ ਸਵੇਰੇ ਕਰੀਬ 5 ਵਜੇ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਦਿੱਲੀ ਖੇਤਰ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਭਾਰੀ ਬਲ ਮੌਕੇ ‘ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਡਰੋਨ ਦੀ ਭਾਲ ਕਰ ਰਹੀ ਹੈ। ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅਤੇ ਇਸ ਦੇ ਆਸਪਾਸ ਦਾ ਇਲਾਕਾ ਨੋ ਫਲਾਇੰਗ ਜ਼ੋਨ ਵਿੱਚ ਆਉਂਦਾ ਹੈ। ਦਰਅਸਲ, ਸੋਮਵਾਰ ਸਵੇਰੇ NDD ਕੰਟਰੋਲ ਰੂਮ ਨੂੰ ਪ੍ਰਧਾਨ ਮੰਤਰੀ ਨਿਵਾਸ ਦੇ ਨੇੜੇ ਇੱਕ ਅਣਪਛਾਤੀ ਉੱਡਣ ਵਾਲੀ ਵਸਤੂ ਦੀ ਸੂਚਨਾ ਮਿਲੀ ਸੀ। ਏਅਰ ਟ੍ਰੈਫਿਕ ਕੰਟਰੋਲ ਰੂਮ ਨਾਲ ਵੀ ਡਰੋਨ ਸੰਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਨੇੜੇ ਅਜਿਹੀ ਕੋਈ ਉੱਡਦੀ ਵਸਤੂ ਨਹੀਂ ਮਿਲੀ। ਨਵੀਂ ਦਿੱਲੀ ਜ਼ਿਲ੍ਹੇ ਦੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ ਡਾ: ਹੇਮੰਤ ਤਿਵਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਿਵਾਸ ਦੇ ਉੱਪਰ ਨੋ-ਫਲਾਈ ਜ਼ੋਨ ‘ਚ ਡਰੋਨ ਉਡਾਉਣ ਦੀ ਸੂਚਨਾ ਮਿਲੀ ਸੀ, ਪਰ ਹਾਲੇ ਤੱਕ ਜਾਂਚ ਚੱਲ ਰਹੀ ਹੈ।