ਫਿਰੋਜ਼ਾਬਾਦ ‘ਚ 10ਵੀਂ ਜਮਾਤ ਦੀ ਵਿਦਿਆਰਥਣ ਦਾ ਕਤਲ ਕਰਕੇ ਲਾਸ਼ ਖੇਤ ‘ਚ ਸੁੱਟ ਦਿਤੀ ਗਈ। ਕੁੜੀ ਦੇ ਮੂੰਹ ਚ ਕੱਪੜਾ ਪਾਇਆ ਹੋਇਆ ਸੀ। ਰਿਸ਼ਤੇਦਾਰਾਂ ਨੇ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਘਟਨਾ ਦੀ ਜਾਂਚ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਘਟਨਾ ਥਾਣਾ ਟੁੰਡਲਾ ਇਲਾਕੇ ਦੇ ਪਿੰਡ ਦੀ ਹੈ।16 ਸਾਲਾ ਲੜਕੀ ਹਾਈ ਸਕੂਲ ਦੀ ਵਿਦਿਆਰਥਣ ਸੀ, ਥਾਣਾ ਟੁੰਡਲਾ ਇਲਾਕੇ ਦੇ ਪਿੰਡ ਦੀ ਰਹਿਣ ਵਾਲੀ ਸੀ। ਵਿਦਿਆਰਥੀ ਦੇ ਭਰਾ ਮੁਤਾਬਕ, ”ਪਿੰਡ ‘ਚ ਇਨ੍ਹੀਂ ਦਿਨੀਂ ਭਾਗਵਤ ਕਥਾ ਚੱਲ ਰਹੀ ਹੈ। ਸ਼ੁੱਕਰਵਾਰ ਦੁਪਹਿਰ 3 ਵਜੇ ਭੈਣ ਕਥਾ ਸੁਣ ਕੇ ਵਾਪਿਸ ਪਰਤੀ ਅਤੇ ਸ਼ੌਚ ਕਰਨ ਲਈ ਘੜਾ ਲੈ ਕੇ ਖੇਤ ਵੱਲ ਚਲੀ ਗਈ। ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੀ। ਭਾਲ ਸ਼ੁਰੂ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗਾ। ਰਾਤ ਤੱਕ ਭਾਲ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗਾ।
ਸ਼ਨੀਵਾਰ ਸਵੇਰੇ ਵਿਦਿਆਰਥਣ ਦੀ ਲਾਸ਼ ਪਿੰਡ ਦੇ ਇਕ ਵਿਅਕਤੀ ਦੇ ਖੇਤ ‘ਚ ਪਈ ਮਿਲੀ। ਸੀਓ ਅਨੀਵੇਸ਼ ਕੁਮਾਰ ਨੇ ਦਸਿਆ ਕਿ ਵਿਦਿਆਰਥਣ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਉਸਦੇ ਮੂੰਹ ਵਿਚ ਇਕ ਕੱਪੜਾ ਪਾਇਆ ਹੋਇਆ ਸੀ। ਉਸ ਦੇ ਗਲੇ ਵਿਚ ਇਕ ਰੁਮਾਲ ਵੀ ਪਿਆ ਮਿਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਲਾਤਕਾਰ ਦੀ ਪੁਸ਼ਟੀ ਹੋਵੇਗੀ। ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।ਘਟਨਾ ਬਾਰੇ ਐੱਸਪੀ ਸਿਟੀ ਸਰਵੇਸ਼ ਕੁਮਾਰ ਮਿਸ਼ਰਾ ਨੇ ਦਸਿਆ ਕਿ ਵਿਦਿਆਰਥਣ ਦੀ ਲਾਸ਼ ਖੇਤ ‘ਚੋਂ ਬਰਾਮਦ ਹੋਈ ਹੈ। ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।