10 ਜੂਨ 2023-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਭਾਜਪਾ ਅਤੇ ਜੇਜੇਪੀ ਵਿਚਕਾਰ ਮਤਭੇਦ ਦੇ ਦਾਅਵੇ ਦੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਚੌਟਾਲਾ ਨੇ ਦਾਅਵਾ ਕੀਤਾ ਕਿ ਭਾਜਪਾ-ਜੇਜੇਪੀ ਗਠਜੋੜ ਬਰਕਰਾਰ ਹੈ ਅਤੇ ਗਠਜੋੜ ਦੀ ਸਰਕਾਰ ਸੂਬਾ ਵਿਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ।ਚੰਡੀਗੜ੍ਹ ਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੌਟਾਲਾ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਮੀਡੀਆ ਵਿਚ ਭਾਜਪਾ ਅਤੇ ਜੇਜੇਪੀ ਦਰਮਿਆਨ ਮਤਭੇਦ ਦੀਆਂ ਖ਼ਬਰਾਂ ਸੁਣਦੇ ਆ ਰਹੇ ਹਨ, ਪਰ ਗਠਜੋੜ ਮਜ਼ਬੂਤ ਹੈ। ਇਸ ਵਿਚ ਕੋਈ ਦਰਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਿਰ ਸਰਕਾਰ ਚਲਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਚ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦਾ ਗਠਨ ਕੀਤਾ ਗਿਆ ਸੀ। ਗਠਜੋੜ ਬਣਾਉਣ ਪਿੱਛੇ ਕੋਈ ਮਜਬੂਰੀ ਅਤੇ ਕੋਈ ਨਿਜੀ ਹਿੱਤ ਨਹੀਂ ਸੀ। ਦੋਵੇਂ ਪਾਰਟੀਆਂ ਅਗਲੀਆਂ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਗਠਜੋੜ ਨਾਲ ਲੜਨ ਲਈ ਤਿਆਰ ਹਨ ਅਤੇ ਜੇਕਰ ਕੋਈ ਆਪਣਾ ਮਨ ਬਦਲਦਾ ਹੈ ਤਾਂ ਅਸੀਂ ਕੁੱਝ ਨਹੀਂ ਕਰ ਸਕਦੇ। ਜੇਕਰ ਦੋਹਾਂ ਪੱਖਾਂ ਵਿਚਕਾਰ ਕੋਈ ਕੁੜੱਤਣ ਪੈਦਾ ਹੁੰਦੀ ਹੈ, ਤਾਂ ਅਸੀਂ ਖੁਸ਼ੀ ਨਾਲ ਵੱਖ ਹੋ ਜਾਵਾਂਗੇ।ਭਾਜਪਾ ਅਤੇ ਜੇਜੇਪੀ ਵਿਚਕਾਰ ਤਣਾਅ ਉਦੋਂ ਸਾਹਮਣੇ ਆਇਆ ਜਦੋਂ ਭਾਜਪਾ ਦੇ ਹਰਿਆਣਾ ਇੰਚਾਰਜ ਬਿਪਲਬ ਕੁਮਾਰ ਦੇਬ ਨੇ ਇਸ ਹਫ਼ਤੇ ਦਾਅਵਾ ਕੀਤਾ ਕਿ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੀ ਪਤਨੀ ਪ੍ਰੇਮ ਲਤਾ ਅਗਲੀ ਵਿਧਾਨ ਸਭਾ ਚੋਣ ਉਚਾਨਾ ਤੋਂ ਜਿੱਤੇਗੀ, ਇਹ ਸੀਟ ਮੌਜੂਦਾ ਸਮੇਂ ਦੁਸ਼ਯੰਤ ਚੌਟਾਲਾ ਕੋਲ ਹੈ।