26 ਮਈ 2023-ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਲੰਡਨ ਚ ਇਕ ਨਿਲਾਮੀ ਦੌਰਾਨ 14 ਮਿਲੀਅਨ (ਲਗਭਗ 140 ਕਰੋੜ ਰੁਪਏ) ਚ ਵਿਕੀ। ਨਿਲਾਮੀ ਦਾ ਆਯੋਜਨ ਕਰਨ ਵਾਲੇ ਬੋਨਹੈਮਸ ਨੇ ਕਿਹਾ ਕਿ ਤਲਵਾਰ ਉਮੀਦ ਤੋਂ ਕਈ ਗੁਣਾ ਵੱਧ ਕੀਮਤ ‘ਤੇ ਵਿਕ ਗਈ। ਟੀਪੂ ਸੁਲਤਾਨ ਦੀ ਤਲਵਾਰ ਨਿਲਾਮੀ ਦੇ ਸਾਰੇ ਰਿਕਾਰਡ ਤੋੜਦੇ ਹੋਏ ਹੁਣ ਤਕ ਵਿਕਣ ਵਾਲੀ ਸਭ ਤੋਂ ਮਹਿੰਗੀ ਭਾਰਤੀ ਵਸਤੂ ਬਣ ਗਈ ਹੈ।ਜਾਣਕਾਰੀ ਅਨੁਸਾਰ ਇਸ ਤਲਵਾਰ ਨੂੰ ਪੈਲੇਸ ਦੇ ਨਿੱਜੀ ਕਮਰੇ ਤੋਂ ਬਰਾਮਦ ਕੀਤਾ ਗਿਆ ਸੀ। ਇਹ ਤਲਵਾਰ ਟੀਪੂ ਸੁਲਤਾਨ ਦਾ ਪਸੰਦੀਦਾ ਹਥਿਆਰ ਸੀ। 1782 ਤੋਂ 1799 ਤਕ ਰਾਜ ਕਰਨ ਵਾਲੇ ਟੀਪੂ ਸੁਲਤਾਨ ਦੀ ਤਲਵਾਰ ਨੂੰ ‘ਸੁਖੇਲਾ’ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਸ਼ਕਤੀ ਦਾ ਪ੍ਰਤੀਕ। ਇਹ ਤਲਵਾਰ ਸਟੀਲ ਦੀ ਬਣੀ ਹੋਈ ਹੈ ਅਤੇ ਇਸ ‘ਤੇ ਸੋਨੇ ਨਾਲ ਬਿਹਤਰੀਨ ਨੱਕਾਸ਼ੀ ਕੀਤੀ ਗਈ ਹੈ। ਇਹ ਟੀਪੂ ਸੁਲਤਾਨ ਦੇ ਨਿਜੀ ਚੈਂਬਰ ਵਿਚ ਮਿਲੀ ਸੀ ਅਤੇ ਇਸ ਨੂੰ ਈਸਟ ਇੰਡੀਆ ਕੰਪਨੀ ਦੁਆਰਾ ਜਨਰਲ ਡੇਵਿਡ ਬੇਅਰਡ ਨੂੰ ਹਮਲੇ ਵਿਚ ਉਨ੍ਹਾਂ ਦੀ ਹਿੰਮਤ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਹਮਲੇ ਵਿਚ ਟੀਪੂ ਸੁਲਤਾਨ ਦੀ ਮੌਤ ਹੋ ਗਈ, ਜਿਸ ਨੂੰ ‘ਟਾਈਗਰ ਆਫ਼ ਮੈਸੂਰ’ ਕਿਹਾ ਜਾਂਦਾ ਹੈ। ਇਹ ਹਮਲਾ ਮਈ 1799 ਵਿਚ ਹੋਇਆ ਸੀ।
ਓਲੀਵਰ ਵ੍ਹਾਈਟ, ਇਸਲਾਮਿਕ ਅਤੇ ਭਾਰਤੀ ਕਲਾ ਦੇ ਮੁਖੀ ਅਤੇ ਬੋਨਹੈਮਸ ਵਿਖੇ ਨਿਲਾਮੀਕਰਤਾ ਨੇ ਮੰਗਲਵਾਰ ਨੂੰ ਵਿਕਰੀ ਤੋਂ ਪਹਿਲਾਂ ਇਕ ਬਿਆਨ ਚ ਕਿਹਾ ਕਿ ਸ਼ਾਨਦਾਰ ਤਲਵਾਰ ਟੀਪੂ ਸੁਲਤਾਨ ਦੇ ਸਾਰੇ ਹਥਿਆਰਾਂ ਵਿਚੋਂ ਸਭ ਤੋਂ ਵਧੀਆ ਹੈ ਜੋ ਅਜੇ ਵੀ ਨਿਜੀ ਹੱਥਾਂ ਵਿਚ ਹੈ। ਉਨ੍ਹਾਂ ਕਿਹਾ ਕਿ ਸੁਲਤਾਨ ਦਾ ਇਸ ਨਾਲ ਗੂੜ੍ਹਾ ਨਿਜੀ ਸਬੰਧ ਸੀ ਅਤੇ ਇਸ ਦੀ ਸ਼ਾਨਦਾਰ ਸ਼ਿਲਪਕਾਰੀ ਇਸ ਨੂੰ ਵਿਲੱਖਣ ਬਣਾਉਂਦੀ ਹੈ। ਤਲਵਾਰ ਦੀ ਕੀਮਤ GBP 1,500,000 ਅਤੇ 2,000,000 ਦੇ ਵਿਚਕਾਰ ਸੀ ਪਰ ਅੰਦਾਜ਼ਨ 14,080,900 ਵਿੱਚ ਵੇਚੀ ਗਈ।ਇਸਲਾਮਿਕ ਅਤੇ ਭਾਰਤੀ ਕਲਾ ਦੀ ਸਮੂਹ ਮੁਖੀ ਨੀਮਾ ਸਾਗਰਚੀ ਨੇ ਕਿਹਾ ਕਿ ਤਲਵਾਰ ਦਾ ਅਸਾਧਾਰਨ ਇਤਿਹਾਸ ਅਤੇ ਬੇਮਿਸਾਲ ਕਾਰੀਗਰੀ ਹੈ। ਉਨ੍ਹਾਂ ਦਸਿਆ ਕਿ ਦੋ ਵਿਅਕਤੀਆਂ ਨੇ ਫ਼ੋਨ ਰਾਹੀਂ ਬੋਲੀ ਲਗਾਈ ਜਦੋਂ ਕਿ ਕਮਰੇ ਵਿਚ ਮੌਜੂਦ ਇੱਕ ਵਿਅਕਤੀ ਨੇ ਬੋਲੀ ਲਗਾਈ ਅਤੇ ਉਨ੍ਹਾਂ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਮਈ 1799 ਵਿਚ, ਸ਼੍ਰੀਰੰਗਪਟਨਾ ਵਿਖੇ ਟੀਪੂ ਸੁਲਤਾਨ ਦੇ ਸ਼ਾਹੀ ਕਿਲੇ ਨੂੰ ਤਬਾਹ ਕਰਨ ਤੋਂ ਬਾਅਦ, ਉਨ੍ਹਾਂ ਦੇ ਮਹਿਲ ਵਿਚੋਂ ਬਹੁਤ ਸਾਰੇ ਹਥਿਆਰ ਹਟਾ ਦਿਤੇ ਗਏ ਸਨ। ਇਸ ਵਿਚ ਕੁਝ ਹਥਿਆਰ ਉਨ੍ਹਾਂ ਦੇ ਬਹੁਤ ਨੇੜੇ ਸਨ।