26 ਮਈ 2023-ਇੱਕ ਨੌਜਵਾਨ ਦਾ ਉਸਦੇ ਦੋਸਤਾਂ ਨੇ ਹੀ ਮਹਿਜ਼ 1500 ਰੁਪਏ ਲਈ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਦਾਨਿਸ਼ ਗਿੱਲ ਵਾਸੀ ਜਲੰਧਰ ਮੰਡੀ ਰੋਡ ਸਟੇਸ਼ਨ ਨੇੜੇ ਵਜੋਂ ਹੋਈ ਹੈ। ਦਾਨਿਸ਼ ਦੋ ਦਿਨਾਂ ਤੋਂ ਲਾਪਤਾ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਕੈਂਟ ਥਾਣੇ ਨੂੰ ਸ਼ਿਕਾਇਤ ਦਿੱਤੀ ਸੀ। ਜਦੋਂ ਪੁਲਿਸ ਨੂੰ ਦਕੋਹਾ ਫਾਟਕ ਨੇੜੇ ਨੌਜਵਾਨ ਦੀ ਲਾਸ਼ ਮਿਲੀ ਤਾਂ ਦਾਨਿਸ਼ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਸ ਦੀ ਪਛਾਣ ਕਰਵਾਈ ਗਈ।
ਮ੍ਰਿਤਕ ਨੌਜਵਾਨ ਇਥੇ ਅਪਣੀ ਭੈਣ ਦੇ ਘਰ ਰਹਿ ਰਿਹਾ ਸੀ। ਪੀੜਤ ਪ੍ਰਵਾਰ ਨੇ ਦਸਿਆ ਕਿ ਘਰ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਉਹ ਮੰਗਲਵਾਰ ਨੂੰ ਸਰੀਆ ਲੈ ਕੇ ਘਰ ਆਇਆ। ਜਿਸ ਤੋਂ ਬਾਅਦ ਮੁਹੱਲੇ ਵਿਚੋਂ ਹੀ ਉਸ ਦਾ ਦੋਸਤ ਬਣਿਆ ਰੋਹਿਤ ਅਪਣੇ ਕੁਝ ਸਾਥੀਆਂ ਨਾਲ ਆਇਆ ਅਤੇ ਬਹਾਨੇ ਉਸ ਨੂੰ ਅਪਣੇ ਨਾਲ ਕੁਝ ਖਾਣ ਲਈ ਲੈ ਗਿਆ।ਰਿਸ਼ਤੇਦਾਰਾਂ ਨੇ ਦਸਿਆ ਕਿ ਇਸ ਦੌਰਾਨ ਉਹ ਬਹਿਰਾਮ ਨਗਰ ‘ਚ ਦੋਸਤਾਂ ਨਾਲ ਕੁਝ ਖਾ-ਪੀ ਰਿਹਾ ਸੀ। ਇਸ ਦੌਰਾਨ ਉਸ ਦੀ ਜੇਬ ਵਿਚ 1500 ਰੁਪਏ ਸਨ। ਦਾਨਿਸ਼ ਦੇ ਪ੍ਰਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਇਲਾਕੇ ਦੇ ਉਕਤ ਦੋਸਤਾਂ ਨੇ ਉਸ ਦੀ ਜੇਬ ‘ਚੋਂ ਪੈਸੇ ਕਢਵਾ ਕੇ ਉਨ੍ਹਾਂ ‘ਤੇ ਹਮਲਾ ਕਰ ਕੇ ਕਤਲ ਕਰ ਦਿਤਾ। ਪੁਲਿਸ ਨੇ ਆ ਕੇ ਪ੍ਰਵਾਰਕ ਮੈਂਬਰਾਂ ਨੂੰ ਇਸ ਘਟਨਾ ਸਬੰਧੀ ਸੂਚਨਾ ਦਿਤੀ ਕਿ ਤੁਹਾਡੇ ਲੜਕੇ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਦਕੋਹਾ ਫਾਟਕ ਨੇੜੇ ਪਈ ਹੈ |
ਪ੍ਰਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਇਸ ਮਾਮਲੇ ਚ ਕਤਲ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਹੈ।ਪ੍ਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦਾ ਉਸ ਦੇ ਦੋਸਤ ਰੋਹਿਤ ਅਤੇ ਉਸ ਦੇ ਸਾਥੀਆਂ ਨੇ ਬ੍ਰਹਮਾ ਨਗਰ ਵਿਚ 1500 ਰੁਪਏ ਲਈ ਕਤਲ ਕੀਤਾ ਹੈ। ਪ੍ਰਵਾਰਕ ਮੈਂਬਰਾਂ ਨੇ ਇਸ ਘਟਨਾ ਦਾ ਇਕ ਸੀ.ਸੀ.ਟੀ.ਵੀ. ਵੀ ਮੀਡੀਆ ਨੂੰ ਦਿਖਾਇਆ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਲੜਕੇ ਦਾਨਿਸ਼ ਨੂੰ ਸਕੂਟਰ ’ਤੇ ਘਸੀਟ ਕੇ ਲੈ ਜਾ ਰਹੇ ਹਨ ਅਤੇ ਉਨ੍ਹਾਂ ਨੇ ਦਾਨਿਸ਼ ‘ਤੇ ਚਾਦਰ ਪਾਈ ਹੋਈ ਸੀ ਤਾਂ ਜੋ ਕੋਈ ਦੇਖ ਨਾ ਸਕੇ। ਪ੍ਰਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।