26 ਮਈ 2023-ਮੁੱਖ ਮੰਤਰੀ ਭਗਵੰਤ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 31 ਮਈ ਤੱਕ ਕ੍ਰਿਕਟਰ ਤੋਂ ਰਿਸ਼ਵਤ ਮੰਗਣ ਸਬੰਧੀ ਸਾਰੀ ਜਾਣਕਾਰੀ ਪੇਸ਼ ਕਰਨ ਲਈ ਦਿੱਤੇ ਅਲਟੀਮੇਟਮ ਤੋਂ ਬਾਅਦ ਚੰਨੀ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸੀ.ਐੱਮ. ਮਾਨ ਨੂੰ ਜਵਾਬ ਦਿੱਤਾ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜੇ ਮੁੱਖ ਮੰਤਰੀ ਕੋਲ ਭ੍ਰਿਸ਼ਟਾਚਾਰ ਦੇ ਕੋਈ ਸਬੂਤ ਹਨ ਤਾਂ ਉਹ ਟਵੀਟ ਕਰਕੇ ਤਰੀਕਾਂ ਤੈਅ ਕਰਨ ਦੀ ਬਜਾਏ ਐੱਫ.ਆਈ.ਆਰ ਦਰਜ ਕਰਕੇ ਮੈਨੂੰ ਪੇਸ਼ ਕਰਨ। ਚੰਨੀ ਨੇ ਫਿਰ ਤੋਂ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਚੰਨੀ ਇਹ ਵੀ ਕਿਹਾ ਕਿ ਮੈਂ ਖੁਦ ਸਖ਼ਤ ਮਿਹਨਤ ਕਰਕੇ ਇਸ ਮੁਕਾਮ ’ਤੇ ਆਇਆ ਹੈ, ਮੈਂ ਕਦੇ ਵੀ ਕਿਸੇ ਖਿਡਾਰੀ ਨੂੰ ਆਪਣੇ ਭਤੀਜੇ ਨੂੰ ਮਿਲਣ ਲਈ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਮੈਂ ਖੁਦ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਸਬੰਧ ਵਿਚ ਕੋਈ ਮਿਲਿਆ ਹੈ, ਪਰ ਉਨ੍ਹਾਂ ਦਾ ਪਰਿਵਾਰ ਵੀ ਕਹਿ ਰਿਹਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਮੇਰੇ ਖਿਲਾਫ ਕੋਈ ਸਬੂਤ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਜੇ ਉਹ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਮੈਂ ਇਸ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਚੰਨੀ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਸਹੁੰ ਚੁੱਕੀ ਸੀ ਅਤੇ ਉਹ ਜਾਣਦੇ ਹਨ ਕਿ ਉਹ ਇਮਾਨਦਾਰ ਹਨ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਖਿਲਾਫ ਕੋਈ ਸ਼ਿਕਾਇਤ ਆਈ ਹੈ ਤਾਂ ਇਨਕੁਆਰੀ ਕਰਕੇ ਪਰਚਾ ਦਰਜ ਕਰੋ। ਮੈਂ ਆਪਣਾ ਪੱਖ ਗੁਰੂਘਰ ਵਿੱਚ ਰਖ ਚੁੱਕਾ ਹਾਂ। ਜੇ ਮੈਂ ਗਲਤ ਹਾਂ ਤਾਂ ਮੈਨੂੰ ਚੁੱਕ ਲਓ। ਜੇ ਮੈਂ ਪੈਸੇ ਲਏ ਹਨ ਤਾਂ ਮੈਨੂੰ ਫੜ ਕੇ ਅੰਦਰ ਕਰ ਦਿਓ। ਮੈਂ ਇਸ ਗੱਲ ਦੀ ਸਹੁੰ ਖਾਧੀ ਏ, ਮੇਰੇ ਕੋਲ ਹਜ਼ਾਰਾਂ ਨੌਕਰੀ ਲਈ ਆਏ ਹੋਣਗੇ।