
ਫ਼ਿਰੋਜ਼ਪੁਰ, 25 ਮਈ (ਗੁਰਨਾਮ ਸਿੱਧੂ/ਗੁਰਦਰਸ਼ਨ ਸੰਧੂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਅਤੇ ਪ੍ਰਾਈਵੇਟ ਸਕੂਲਾਂ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਇਆ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਕੁੱਲ 10218 ਵਿਦਿਆਰਥੀਆਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾ ਵਿੱਚੋ 9374 ਵਿਦਿਆਰਥੀ ਪਾਸ ਹੋਏ ਹਨ।ਇਸ ਤਰ੍ਹਾਂ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਾ 91.74 ਫ਼ੀਸਦੀ ਬਣਦੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ (ਸੈਸਿ) ਚਮਕੌਰ ਸਿੰਘ ਸਰਾਂ ਨੇ ਦੱਸਿਆ ਕਿ 12ਵੀਂ ਜਮਾਤ ਦੇ 17 ਵਿਦਿਆਰਥੀ ਨੇ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਇਆ, ਜਿਨ੍ਹਾ ਵਿੱਚ 15 ਸਰਕਾਰੀ ਦੇ 2 ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਦੇ 6 ਵਿਦਿਆਰਥੀ, ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੇ 4 ਵਿਦਿਆਰਥੀ, ਸ਼ਹੀਦ ਸੁਖਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਦੇ 3 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਫ਼ਿਰੋਜ਼ਪੁਰ ਦੇ ਕ੍ਰਮਵਾਰ ਇੱਕ ਇੱਕ ਵਿਦਿਆਰਥੀ ਨੇ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਇਆ ਜਦੋ ਕਿ ਪ੍ਰਾਈਵੇਟ ਸਕੂਲਾਂ ਵਿੱਚੋ ਇੱਕ ਵਿਦਿਆਰਥੀ ਐਸ ਐਮ ਮੈਮੋਰੀਅਲ ਕੱਸੋਆਣਾ ਅਤੇ ਇੱਕ ਵਿਦਿਆਰਥੀ ਡੀ.ਸੀ.ਐਮ ਗੋਲੂ ਕਾ ਨੇ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਇਆ।ਇਸ ਮੌਕੇ ਉਨ੍ਹਾਂ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਵੀ ਵੱਧ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਇਸਤੋਂ ਵੀ ਵਧੀਆ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਨੇ ਜਿਲ੍ਹੇ ਦੇ 12ਵੀਂ ਜਮਾਤ ਦੇ ਨਤੀਜੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਉੱਚਾ ਹੋਇਆ ਹੈ।