ਬਠਿੰਡਾ, 25 ਮਈ (ਵੀਰਪਾਲ ਕੌਰ)-ਪਰਲਜ਼ ਸਮੇਤ ਹੋਏ ਅਨੇਕਾਂ ਕੰਪਨੀਆਂ ਜਿੰਨਾ ਨੇ ਗਰੀਬ ਅਤੇ ਭੋਲੇ ਭਾਲੇ ਲੋਕਾਂ ਨੂੰ ਬਹੁਤ ਬੁਰੀ ਤਰਾਂ ਲੁੱਟਿਆ , ਪਰ ਜਦੋ ਇਹਨਾਂ ਕੰਪਨੀਆਂ ਕੋਲ ਜਮ੍ਹਾ ਪੈਸਾ ਵਾਪਿਸ ਮਿਲਣ ਦਾ ਸਮਾਂ ਆਇਆ ਤਾ ਹੁਣ ਇਹ ਰਫੂ ਚੱਕਰ ਹੋ ਗਈਆਂ । ਇਹਨਾਂ ਕੰਪਨੀਆਂ ਤੋਂ ਪੀੜ੍ਹਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀ ਜਥੇਬੰਦੀ ” ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੀ ਅੱਜ ਗੁਰਦੁਵਾਰਾ ਸ੍ਰੀ ਹਾਜ਼ਿਰਤਨ ਸਾਹਿਬ ਚ ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਦੀ ਪ੍ਰਧਾਨਗੀ ਚ ਇੱਕ ਅਹਿਮ ਮੀਟਿੰਗ ਹੋਈ । ਮੀਟਿੰਗ ਚ ਵੱਖ ਵੱਖ ਚਿੱਟਫੰਡ ਕੰਪਨੀਆਂ ਤੋਂ ਪੀੜ੍ਹਤ ਲੋਕਾਂ ਦੇ ਆਗੂਆਂ ਨੇ ਹਿੱਸਾ ਲਿਆ । ਚੇਅਰਮੈਨ ਸੰਧੂ ਨੇ ਕਾਨੂੰਨ ਬਡਜ -2019 ਦਾ ਜਿਕਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਕਾਨੂੰਨ ਅਧੀਨ ਚਿੱਟਫੰਡ ਕੰਪਨੀਆਂ ਰਾਹੀਂ ਲੁੱਟਿਆ ਸਾਰਾ ਪੈਸਾ ਵਾਪਿਸ ਕਰਵਾਉਣ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ । ਜਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਕੰਪਨੀ ਮਾਲਕਾਂ ਉਪਰ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਅੱਜ ਉਹ ਠੱਗ ਮਾਰਕੀਟ ਚ ਨਵੀਆਂ ਨਵੀਆਂ ਕੰਪਨੀਆਂ ਰਾਹੀਂ ਲੋਕਾਂ ਨੂੰ ਲਗਾਤਾਰ ਲੁੱਟ ਰਹੇ ਹਨ । ਪ੍ਰਸ਼ਾਸਨ ਅੱਜ ਵੀ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਜਦੋ ਕਿ ਪੀੜ੍ਹਤ ਲੋਕ ਆਪਣਾ ਪੈਸੇ ਵਾਪਿਸ ਲੈਣ ਲਈ ਦਰ ਦਰ ਦੀਆ ਠੋਕਰਾਂ ਖਾ ਰਹੇ ਹਨ । ਜਥੇਬੰਦੀ ਦੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੋਮਾਣਾ ਨੇ ਜਾਣਕਾਰੀ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਸਾਡੇ ਕੰਪਨੀ ਪੀੜਤਾਂ ਦੇ ਮਸਲੇ ਵੱਲ ਧਿਆਨ ਨਾ ਦਿੱਤਾ ਤਾ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਵਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾ ਪੀੜ੍ਹਤ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕੰਪਨੀਆਂ ਵੱਲੋਂ ਲੁੱਟਿਆ ਇੱਕ ਇੱਕ ਪੈਸਾ ਵਿਆਜ ਸਮੇਤ ਵਾਪਿਸ ਕਰਵਾਂਵਾਂਗੇ । ਇਸ ਮੀਟਿੰਗ ਚ ਹੋਰਨਾਂ ਤੋਂ ਇਲਾਵਾ ਸੰਤੋਸ਼ ਕੁਮਾਰੀ , ਮਨਪ੍ਰੀਤ ਸਿੰਘ , ਗੁਰਮੀਤ ਸਿੰਘ , ਕੁਲਦੀਪ ਸਿੰਘ , ਸਰਬਜੀਤ ਸਿੰਘ , ਗੁਰਦੇਵ ਸਿੰਘ , ਅਜਾਇਬ ਸਿੰਘ ਅਤੇ ਨੀਲਮ ਕੁਮਾਰ ਨੇ ਹਿੱਸਾ ਲਿਆ।