25 ਮਈ, 2023: ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਚ ਸਥਿਤ 110 ਮੈਗਾਵਾਟ ਦੇ ਸ਼ਾਨਨ ਪਾਵਰ ਪ੍ਰਾਜੈਕਟ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਆਪਣੇ ਕੰਟਰੋਲ ਹੇਠ ਲਵੇਗੀ। ਇਹ ਪ੍ਰਾਜੈਕਟ 99 ਸਾਲਾ ਲੀਜ਼ ’ਤੇ ਪੰਜਾਬ ਨੂੰ ਦਿੱਤਾ ਗਿਆ ਸੀ ਜਿਸਦੀ ਲੀਜ਼ 2 ਮਾਰਚ 2024 ਨੂੰ ਖ਼ਤਮ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲੀਜ਼ ਖਤਮ ਹੋਣ ਮਗਰੋਂ ਇਸਨੂੰ ਨਵਿਆਇਆ ਨਹੀਂ ਜਾਵੇਗਾ। 1925 ਵਿਚ ਇਸ ਪ੍ਰਾਜੈਕਟ ਦੀ ਲੀਜ਼ ’ਤੇ ਕਰਨਲ ਬੀ ਸੀ ਬੈਟੀ ਅਤੇ ਮੰਡੀ ਦੇ ਰਾਜਾ ਜੋਗਿੰਦਰ ਸੇਨ ਨੇ ਹਸਤਾਖ਼ਰ ਕੀਤੇ ਸਨ। 1966 ਵਿਚ ਪੰਜਾਬ ਦੇ ਪੁਨਰਗਠਨ ਵੇਲੇ ਇਹ ਪ੍ਰਾਜੈਕਟ ਕੇਂਦਰ ਸਰਕਾਰ ਨੇ ਪੰਜਾਬ ਹਵਾਲੇ ਕਰ ਦਿੱਤਾ ਸੀ। ਆਜ਼ਾਦੀ ਤੋਂ ਪਹਿਲਾਂ ਇਸ ਪ੍ਰਾਜੈਕਟ ਤੋਂ ਪੰਜਾਬ, ਲਾਹੌਰ ਤੇ ਦਿੱਲੀ ਨੂੰ ਬਿਜਲੀ ਮਿਲਦੀ ਸੀ।