21 ਅਪ੍ਰੈਲ 2023- ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਰੋਕੇ ਜਾਣ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗ਼ਲਤ ਦੱਸਿਆ ਹੈ। ਜੱਥੇਦਾਰ ਨੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਕੋਈ ਵੀ ਕਿਸੇ ਨੂੰ ਉਸਦੇ ਘਰ ਜਾਣ ਤੋਂ ਨਹੀਂ ਰੋਕ ਸਕਦਾ। ਸਰਕਾਰ ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਸਵਾਲ ਕੀਤਾ ਕਿ ਸਰਕਾਰ ਆਖਿਰ ਅਜਿਹਾ ਮੌਹਲ ਕਿਉਂ ਸਿਰਜ ਰਹੀ ਹੈ?
ਉਨ੍ਹਾਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਅਜਿਹਾ ਮਾਹੌਲ ਸਿਰਜ ਰਹੀ ਹੈ। ਉਨ੍ਹਾਂ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁਗਲ ਕਾਲ ਵੇਲੇ ਵੀ ਸਿੱਖਾਂ ਖਿਲਾਫ ਅਜਿਹਾ ਮਾਹੌਲ ਸਿਰਜਿਆ ਜਾਂਦਾ ਰਿਹਾ ਹੈ। ਜੱਥੇਦਾਰ ਨੇ ਕਿਹਾ ਕਿ ਕਿਰਨਦੀਪ ਕੌਰ ਬ੍ਰਿਟਿਸ਼ ਨਾਗਰਿਕ ਹੈ ਅਤੇ ਬ੍ਰਿਟੇਨ ਉਸਦਾ ਘਰ ਹੈ, ਇਸ ਲਈ ਉਸਨੂੰ ਉਸਦੇ ਘਰ ਜਾਣ ਤੋਂ ਰੋਕਿਆ ਜਾਣਾ ਗ਼ਲਤ ਹੈ। ਜੇਕਰ ਪੁਲਿਸ ਨੇ ਉਸ ਕੋਲੋਂ ਕਿਸੇ ਤਰਾਂ ਦੀ ਕੋਈ ਪੁੱਛਗਿੱਛ ਕਰਨੀ ਵੀ ਹੈ ਤਾਂ ਉਸਦੇ ਘਰ ਜਾ ਕੇ ਕੀਤੀ ਜਾ ਸਕਦੀ ਹੈ। ਜੱਥੇਦਾਰ ਨੇ ਕਿਹਾ ਕਿ ਅਜਿਹਾ ਕੀਤਾ ਜਾਣਾ ਸਿਧੇ ਤੌਰ ਤੇ ਗ਼ਲਤ ਹੈ।
ਦੱਸ ਦੇਈਏ ਕੱਲ੍ਹ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਾਸ਼ਟਰੀ ਹਵਾਈ ਅੱਡੇ ਤੇ ਉਸ ਵੇਲੇ ਰੋਕ ਲਿਆ ਗਿਆ ਜਦੋਂ ਉਹ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਫਲਾਈਟ ਰਾਹੀਂ ਇੰਗਲੈਂਡ ਜਾਣ ਲਈ ਪਹੁੰਚੀ ਸੀ। 2:30 ਮਿੰਟ ਤੇ ਜਾਣ ਵਾਲੀ ਇਸ ਫਲਾਈਟ ਦੇ ਬਾਕੀ ਯਾਤਰੀਆਂ ਨਾਲੋਂ ਵੱਖ ਕਰਕੇ ਕਿਰਨਦੀਪ ਕੋਲੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਉਸਨੂੰ ਪਿੰਡ ਜੱਲੁਪੁਰ ਵਾਪਿਸ ਭੇਜ ਦਿੱਤਾ ਗਿਆ।