15 ਅਪ੍ਰੈਲ 2023- ਬੀਤੇ ਕੱਲ੍ਹ ਵਿਸਾਖੀ ਮੌਕੇ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿਸ ਚ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਗਏ ਤਿੰਨ ਦੋਸਤਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ ਤੇ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ। ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਜਾ ਰਹੇ 3 ਨੌਜਵਾਨਾ ਦੀ ਸਕੌਡਾ ਕਾਰ ਬੇਕਾਬੂ ਹੋ ਕੇ ਸਰਹੰਦ ਨਹਿਰ ਚ ਜਾ ਡਿੱਗੀ, ਤਿੰਨਾਂ ਲੜਕਿਆਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ, ਜੋ ਪਾਣੀ ਦੇ ਤੇਜ ਵਹਾਅ ਕਾਰਨ ਲਾਪਤਾ ਹੋ ਗਏ ਪਰ ਮੌਕੇ ’ਤੇ ਪੁੱਜੀ ਪੁਲਿਸ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਬਾਹਰ ਕੱਢ ਲਿਆ।
ਜਾਣਕਾਰੀ ਅਨੁਸਾਰ ਪਿੰਡ ਬੀਹਲੇਵਾਲਾ ਦੇ ਵਸਨੀਕ ਪੰਜ ਦੋਸਤ ਆਪਣੇ ਇੱਕ ਸਾਥੀ ਅਕਾਸ਼ਦੀਪ ਸਿੰਘ ਦਾ ਜਨਮ ਦਿਨ ਮਨਾਉਣ ਲਈ ਸਰਹੰਦ ਨਹਿਰ ਦੇ ਕਿਨਾਰੇ ਪੁੱਜੇ, ਜਿੰਨਾ ਚੋਂ ਤਿੰਨ ਲੜਕੇ ਹਰਮਨਜੋਤ ਸਿੰਘ , ਜਗਮੋਹਨ ਸਿੰਘ ਅਤੇ ਦਵਿੰਦਰ ਸਿੰਘ ਆਪਣੀ ਸਕੌਡਾ ਕਾਰ ਚ ਸ਼ਹਿਰੋਂ ਸਮਾਨ ਲੈਣ ਲਈ ਚਲੇ ਗਏ ਅਤੇ ਅਕਾਸ਼ਦੀਪ ਤੇ ਉਸਦਾ ਸਾਥੀ ਸੁਖਦੀਪ ਸਿੰਘ ਆਪਣੇ ਉਕਤ ਦੋਸਤਾਂ ਦੀ ਉਡੀਕ ਕਰ ਰਹੇ ਸਨ ਜਦੋਂ ਪਤਾ ਲੱਗਾ ਕਿ ਸਕੌਡਾ ਕਾਰ ਦੀ ਰਫਤਾਰ ਤੇਜ ਹੋਣ ਕਰਕੇ ਉਹ ਬੇਕਾਬੂ ਹੋ ਕੇ ਪਟੜੀ ਨਾਲ ਟਕਰਾਉਣ ਤੋਂ ਬਾਅਦ ਨਹਿਰ ਚ ਜਾ ਡਿੱਗੀ। ਪੁਲਿਸ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਭਾਵੇਂ ਨਹਿਰ ਚੋਂ ਬਾਹਰ ਕੱਢ ਲਿਆ ਪਰ ਤਿੰਨੋਂ ਲੜਕੇ ਕਾਰ ਦਾ ਸ਼ੀਸ਼ਾ ਟੁੱਟਾ ਹੋਣ ਕਾਰਨ ਪਾਣੀ ਦੇ ਤੇਜ ਵਹਾਅ ਚ ਲਾਪਤਾ ਹੋ ਗਏ। ਪਿੰਡ ਦੇ ਸਰਪੰਚ ਪ੍ਰੀਤਮ ਸਿੰਘ ਮੁਤਾਬਿਕ ਸਾਰੇ ਲੜਕਿਆਂ ਦੀ ਉਮਰ 18 ਤੋਂ 20 ਸਾਲ ਸੀ। ਥਾਣਾ ਮੁਖੀ ਇੰਸ. ਗੁਰਵਿੰਦਰ ਸਿੰਘ ਮੁਤਾਬਿਕ ਮਾਮਲੇ ਦੀ ਜਾਂਚ ਜਾਰੀ ਹੈ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਆਖਿਆ ਕਿ ਲਾਪਤਾ ਨੌਜਵਾਨਾ ਦੀ ਭਾਲ ਲਈ ਗੋਤਾਖੋਰਾਂ ਦੀ ਮੱਦਦ ਲਈ ਜਾ ਰਹੀ ਹੈ।