27 ਮਾਰਚ 2023-ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਵਲੋਂ ਵਾਹਨਾਂ ‘ਤੇ ਹਾਈ ਸਿਕਿਉਰਿਟੀ ਰਜਿਸਟਰੇਸ਼ਨ ਪਲੇਟ (HSRP) ਲਗਾਉਣ ਲਈ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਲੋਕਾਂ ਨੂੰ ਕਈ ਮੌਕੇ ਦਿਤੇ ਜਾ ਚੁੱਕੇ ਹਨ। ਹੁਣ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਲੋਂ ਫਾਈਨਲ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 30 ਜੂਨ ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ।ਨੋਟਿਸ ਵਿਚ ਐਸ.ਟੀ.ਸੀ. ਨੇ ਕਿਹਾ ਹੈ ਕਿ ਦ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਰੂਲ 50 ਅਨੁਸਾਰ ਸਾਰੀਆਂ ਕੈਟੇਗਰੀਆਂ ਦੇ ਵਾਹਨਾਂ (ਦੋ ਪਹੀਆ, ਤਿੰਨ ਪਹੀਆ, ਲਾਈਨ ਮੋਟਰ ਵਹੀਕਲ, ਯਾਤਰੀ ਕਾਰ, ਭਾਰੇ ਕਮਰਸ਼ੀਅਲ ਵਾਹਨ, ਟਰੈਕਟਰ ਆਦਿ) ਲਈ ਐਚ.ਐਸ.ਆਰ.ਪੀ. ਫਿੱਟ ਕਰਵਾਉਣਾ ਲਾਜ਼ਮੀ ਹੈ। ਜਾਣਕਾਰੀ ਅਨੁਸਾਰ ਐਚ.ਐਸ.ਆਰ.ਪੀ. ਫਿਟਮੈਂਟ ਲਈ ਪੈਂਡਿੰਗ ਰਜਿਸਟਰਡ ਵਾਹਨਾਂ ਦੀ ਸੂਚੀ ਵੈਬਸਾਈਟ www.punjabtransport.org ‘ਤੇ ਉਪਲਭਧ ਹੈ। ਵਿਭਾਗ ਵਲੋਂ ਦਿਤੇ ਗਏ ਹੁਕਮ ਦੀ ਆਖਰੀ ਸਮੇਂ ਤੱਕ ਪਾਲਣਾ ਨਾ ਕਰਨ ਦੀ ਸਥਿਤੀ ਵਿਚ ਅਜਿਹੇ ਸਾਰੇ ਵਾਹਨਾਂ ਨੂੰ ਵਾਹਨ ਵੈਬ ਐਪਲੀਕੇਸ਼ਨ ‘ਚ ਚਲਾਨ ਅਤੇ ਬਲੈਕਲਿਸਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਗੈਰ ਐਚ.ਐਸ.ਆਰ.ਪੀ. ਵਾਲੇ ਹੋਰ ਵਾਹਨਾਂ ਜੋ ਉਪਰੋਕਤ ਸੂਚੀ ਵਿਚ ਨਹੀਂ ਦਿਤੇ ਗਏ ਹਨ, ਉਨ੍ਹਾਂ ਲਈ ਚਲਾਨ ਮੁਹਿੰਮ ਚਲਾਈ ਜਾਵੇਗੀ।ਜਾਣਕਾਰੀ ਅਨੁਸਾਰ ਹਾਈ ਸਿਕਿਉਰਿਟੀ ਰਜਿਸਟਰੇਸ਼ਨ ਪਲੇਟ ਨਾ ਲਗਵਾਉਣ ‘ਤੇ ਮੋਟਰ ਵਹੀਕਲ ਐਕਟ 1988 ਦੀ ਧਾਰਾ 177 ਤਹਿਤ ਅਪਰਾਧ ਮੰਨਿਆ ਜਾਵੇਗਾ। ਜਿਸ ਤਹਿਤ ਪਹਿਲੀ ਵਾਰ 2 ਹਜ਼ਾਰ ਰੁਪਏ ਜਦਕਿ ਇਸ ਤੋਂ ਬਾਅਦ 3 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।