—137 ਕਿਸਾਨ ਮਿੱਤਰ ਕੀਤੇ ਭਰਤੀ
27, ਮਾਰਚ : ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਰਮੇ ਦੀ ਫ਼ਸਲ ਨੂੰ ਪ੍ਰਫੁਲਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿਸਾਨਾਂ ਤੱਕ ਨਰਮੇ ਦੀ ਫ਼ਸਲ ਸੰਬੰਧੀ ਪੂਰੀ ਤਕਨੀਕੀ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਜ਼ਿਲ੍ਹੇ ਵਿਚ 137 ਕਿਸਾਨ ਮਿੱਤਰ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੀ ਕਾਸਤ ਲਈ ਵਿਗਿਆਨਕ ਜਾਣਕਾਰੀ ਦੇਣ ਲਈ ਵਿਭਾਗ ਨੂੰ ਪਾਬੰਦ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਸਰਵਨ ਸਿੰਘ ਨੇ ਦੱਸਿਆ ਕਿ ਨਰਮੇ ਦੀ ਖੇਤੀ ਹੁਣ ਪੂਰੀ ਤਰ੍ਹਾਂ ਨਾਲ ਵਿਗਿਆਨ ਤੇ ਅਧਾਰਤ ਹੋ ਗਈ ਹੈ ਅਤੇ ਜ਼ੇਕਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖੀਏ ਤੇ ਵੱਡਾ ਲਾਭ ਹੁੰਦਾ ਹੈ। ਇਸੇ ਲਈ ਨਰਮੇ ਦੀ ਖੇਤੀ ਦੀਆਂ ਬਰੀਕੀਆਂ ਸੰਬੰਧੀ ਕਿਸਾਨਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣ ਲਈ ਵਿਭਾਗ ਨੇ ਕਿਸਾਨ ਮਿੱਤਰ ਰੱਖੇ ਹਨ ਜਿੰਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਨਰਮੇ ਦੀਆਂ ਪਿੱਛਲੇ ਸਾਲ ਦੀਆਂ ਛਟੀਆਂ ਵਿਚ ਲੁਕੇ ਗੁਲਾਬੀ ਸੂੰਡੀ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ੇਕਰ ਕਿਸੇ ਦੇ ਖੇਤਾਂ ਵਿਚ ਨਰਮੇ ਦੀਆਂ ਛਟੀਆਂ ਪਈਆਂ ਹਨ ਤਾਂ ਉਨ੍ਹਾਂ ਨੂੰ ਝਾੜ ਕੇ ਟੀਂਡੇ ਅਤੇ ਪੱਤੇ ਅਲਗ ਕਰਕੇ ਸਾੜ ਦਿੱਤੇ ਜਾਣ ਜਾਂ ਡੁੰਘੇ ਨੱਪ ਦਿੱਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਟਿੰਡਿਆਂ ਵਿਚ ਗੁਲਾਬੀ ਸੂੰਡੀ ਦਾ ਲਾਰਵਾ ਹੈ ਜਿਸ ਨਾਲ ਅਗਲੀ ਫ਼ਸਲ ਤੇ ਇਸ ਦਾ ਹਮਲਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਖੇਤੀਬਾੜੀ ਵਿਭਾਗ ਅਤੇ ਪੀਏਯੂ ਦੀ ਸਲਾਹ ਅਨੁਸਾਰ ਖੇਤੀ ਕੀਤੀ ਜਾਵੇ ਤਾਂ ਨਰਮੇਂ ਤੋਂ ਚੰਗਾ ਝਾੜ ਲਿਆ ਜਾ ਸਕਦਾ ਹੈ।