24 ਮਾਰਚ 2023-ਕਰਜ਼ੇ ਤੋਂ ਦੁਖੀ ਪਤੀ-ਪਤਨੀ ਵੱਲੋਂ ਖੁਦਕਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਮਿ੍ਤਕ ਦੇ ਭਰਾ ਸੁਖਦਰਸ਼ਨ ਸਿੰਘ ਵਾਸੀ ਬਖੋਰਾ ਕਲਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਰਘਵੀਰ ਸਿੰਘ ਕਾਲਾ, ਆਪਣੀ ਪਤਨੀ ਸੰਦੀਪ ਕੌਰ, ਦੋ ਬੱਚਿਆਂ ਤੇ ਮਾਂ ਨਾਲ ਪਿੰਡ ਬਖੋਰਾ ਕਲਾਂ ਵਿਖੇ ਰਹਿ ਰਿਹਾ ਸੀ। ਉਸ ਨੇ ਕਰਜ਼ਾ ਚੁੱਕ ਕੇ ਮਕਾਨ ਬਣਾਇਆ ਸੀ ਜਦਕਿ ਮਜ਼ਦੂਰੀ ਕਰਨ ਦੇ ਬਾਵਜੂਦ ਉਹ ਕਰਜ਼ਾ ਨਹੀਂ ਉਤਾਰ ਸਕਿਆ, ਇਸੇ ਕਾਰਨ ਦੋਵੇਂ ਪਤੀ-ਪਤਨੀ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿੰਦੇ ਸਨ। ਕਈ ਵਾਰ ਸਮਝਾਇਆ ਸੀ ਪਰ ਉਹ ਚਿੰਤਾ ਨਾ ਛੱਡ ਸਕੇ। ਬਿਆਨ ਕਰਤਾ ਮੁਤਾਬਕ ਜਦੋਂ ਉਹ ਆਪਣੇ ਪਰਿਵਾਰ ਤੇ ਮਾਂ ਨਾਲ ਪਿੰਡ ਲਹਿਲ ਖੁਰਦ ਵਿਚ ਵਿਆਹ ‘ਤੇ ਗਏ ਹੋਏ ਸਨ ਤਾਂ ਰਾਤ ਸਮੇਂ ਉਸ ਦੇ ਭਰਾ ਤੇ ਉਸ ਦੀ ਪਤਨੀ ਨੇ ਡੰਗਰਾਂ ਵਾਲੇ ਬਰਾਂਡੇ ਵਿਚ ਛੱਤ ਦੇ ਗਾਡਰ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੂਜੇ ਪਾਸੇ ਪਿੰਡ ਦੇ ਸਰਪੰਚ ਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਪੀੜਤ ਪਰਿਵਾਰ ਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਬੱਚਿਆਂ ਦੀ ਪਰਵਰਿਸ਼ ਲਈ ਮੁਆਵਜ਼ਾ ਦਿੱਤਾ ਜਾਵੇ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਕਬਜ਼ੇ ਵਿਚ ਲਈਆਂ ਤੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।