ਬਠਿੰਡਾ, 18 ਜਨਵਰੀ (ਬਲਵਿੰਦਰ ਸ਼ਰਮਾ) – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੂੰ ਅੱਜ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ, ਪਰ ਕੇਜਰੀਵਾਲ ਸਾਬ੍ਹ, ਮਾਨ ਮੁੱਖ ਮੰਤਰੀ ਨਹੀਂ ਬਣ ਸਕਦਾ, ਕਿਉਂਕਿ ਉਨ੍ਹਾਂ ਨੂੰ ਹਾਲੇ ਤੱਕ ਵਿਧਾਇਕ ਬਨਣ ਵਾਲੀ ਉਮੀਦਵਾਰੀ ਤਾਂ ਦਿੱਤੀ ਹੀ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਮਾਨ ਅੱਜਕੱਲ੍ਹ ਵਿਧਾਨ ਸਭਾ ਹਲਕਾ ਧੂਰੀ ਤੋਂ ਤਿਆਰੀ ਕਰ ਰਹੇ ਹਨ।
ਅੱਜ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਤਾਂ ਉਹ ਰੋਣ ਲੱਗੇ। ਕੇਜਰੀਵਾਲ ਨੇ ਉਨ੍ਹਾਂ ਨੂੰ ਜੱਫੀ ਪਾ ਕੇ ਚੁੱਪ ਕਰਵਾਇਆ। ਦਰਅਸਲ ਪਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਪੁੱਛਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇ ਤਾਂ ਵੱਡੀ ਗਿਣਤੀ ਲੋਕਾਂ ਦੀ ਪਸੰਦ ਭਗਵੰਤ ਮਾਨ ਸਨ, ਇਸ ਲਈ ਪਾਰਟੀ ਸੁਪਰੀਮੋ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਕਰਾਰ ਦਿੱਤਾ ਹੈ। ਇਹ ਦਾਅਵਾ ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ ਹੈ। ਇਸ ਵਾਰ ਮਾਨ ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਲੜ ਰਹੇ ਹਨ।
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਸਰਵੇ ਵਿੱਚ ਪੰਜਾਬ ਦੇ 21 ਲੱਖ ਤੋਂ ਵੱਧ ਲੋਕਾਂ ਦਾ ਫੀਡਬੈਕ ਮਿਲਿਆ ਹੈ। ਜਿਸ ਵਿੱਚ 93 ਫੀਸਦੀ ਲੋਕਾਂ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁਖ ਮੰਤਰੀ ਵੱਜੋਂ ਪਹਿਲੀ ਪਸੰਦ ਦੱਸਿਆ, ਜਦਕਿ ਦੂਜੇ ਨੰਬਰ ‘ਤੇ ਨਵਜੋਤ ਸਿੱਧੂ ਦਾ ਨਾਮ ਆਇਆ ਹੈ। ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਕਹਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 17 ਜਨਵਰੀ ਨੂੰ ਸ਼ਾਮ 5 ਵਜੇ ਤੱਕ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਲੋਕਾਂ ਤੋਂ ਰਾਏ ਮੰਗੀ ਸੀ। ਜਿਸਨੂੰ ਚੰਗਾ ਹੁੰਗਾਰਾ ਮਿਲਣ ਤੋਂ ਮਤਲਬ ਹੈ ਕਿ ਲੋਕ ਪੰਜਾਬ ‘ਚ ਆਪ ਸਰਕਾਰ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਦਾ ਜਨਮ 1973 ਵਿੱਚ ਸੰਗਰੂਰ ਦੇ ਪਿੰਡ ਸਤੋਜ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਇੱਕ ਕਾਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮਾਨ ਟੀਵੀ ਸ਼ੋਅ ‘ਜੁਗਨੂੰ ਮਸਤ ਮਸਤ’ ਵਿੱਚ ਆਪਣੇ ਵਿਅੰਗ ਲਈ ਮਸ਼ਹੂਰ ਹੋਏ ਸਨ। ਉਹ ਹੋਰ ਕਾਮੇਡੀ ਸ਼ੋਅਜ਼ ਵਿੱਚ ਵੀ ਨਜ਼ਰ ਆਏ। ਉਨ੍ਹਾਂ ਦਾ ਸਿਆਸੀ ਕਰੀਅਰ 2011 ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਪੀਪਲਜ਼ ਪਾਰਟੀ ਨਾਲ ਸ਼ੁਰੂ ਹੋਇਆ। ਉਨ੍ਹਾਂ 2012 ਦੀ ਚੋਣ ਲਹਿਰਾਗਾਗਾ ਤੋਂ ਲੜੀ ਸੀ, ਪਰ ਉਹ ਹਾਰ ਗਏ ਸਨ।
2014 ਵਿੱਚ, ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜੇ। ਜਦੋਂ ਉਨ੍ਹਾਂ ਨੇ ਉੱਘੇ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਤਾਂ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਵਿੱਚ ਹੋਰ ਵੀ ਅਹਿਮੀਅਤ ਹਾਸਲ ਕੀਤੀ। 2014 ਤੋਂ, ਮਾਨ ਲਗਾਤਾਰ ਦੋ ਵਾਰ ਸੰਗਰੂਰ ਦੀ ਪੰਜਾਬ ਲੋਕ ਸਭਾ ਸੀਟ ਤੋਂ ਚੁਣੇ ਗਏ ਹਨ।