ਪਾਣੀਪਤ, 10 ਦਸੰਬਰ – ਹਰਿਆਣਾ ਦੇ ਪਾਣੀਪਤ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ।ਪਾਣੀਪਤ ਦੀ ਨਿਊ ਹਾਊਸਿੰਗ ਬੋਰਡ ਕਲੋਨੀ ਦੀ ਰਹਿਣ ਵਾਲੀ ਇੱਕ ਲੜਕੀ ਨੇ ਸ਼ਹਿਰ ਦੇ ਹੀ ਵਿਕਾਸ ਨਗਰ ਦੇ ਰਹਿਣ ਵਾਲੇ ਨੀਰਜ ਨਾਲ ਅੰਤਰਜਾਤੀ ਪ੍ਰੇਮ ਵਿਆਹ ਕੀਤਾ। ਇਹ ਉਸਦਾ ਦੂਜਾ ਵਿਆਹ ਸੀ।ਪਰ ਲੜਕੇ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜੀ ਨਹੀਂ ਸਨ ਜਿਸ ਕਾਰਨ ਦੋਵੇਂ ਪਤੀ-ਪਤਨੀ ਵੱਖ-ਵੱਖ ਰਹਿਣ ਲੱਗੇ।
ਪੀੜਿਤਾ ਨੇ ਕਿਹਾ ਕਿ ਕੁਝ ਸਮੇਂ ਤੱਕ ਸਭ ਕੁਝ ਠੀਕ ਰਿਹਾ ਪਰ ਬਾਅਦ ‘ਚ ਪੀੜਤਾ ਦੇ ਪਤੀ ਨੇ ਪਰਿਵਾਰ ਸਮੇਤ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਲੜਕੀ ਨੂੰ ਜਾਤੀ ਸੂਚਕ ਗਾਲਾਂ ਵੀ ਦਿੱਤੀਆਂ ਜਾਣ ਲੱਗ ਪਈਆਂ। ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਅਤੇ ਉਹ ਇਸ ਨੂੰ ਬਰਦਾਸ਼ਤ ਕਰਦੀ ਰਹੀ।
ਪੀੜਤਾ ਅਨੁਸਾਰ ਇੱਕ ਦਿਨ ਉਸ ਦੇ ਪਤੀ ਨੇ ਉਸ ਨੂੰ ਪਾਣੀ ਵਿੱਚ ਨਸ਼ੀਲਾ ਪਦਾਰਥ ਘੋਲ ਕੇ ਪਿਲਾਇਆ ਅਤੇ ਜ਼ਬਰਦਸਤੀ ਸੁਸਾਈਡ ਨੋਟ ਲਿਖਵਾਉਣ ਲਈ ਮਜਬੂਰ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਪਤੀ ਉਸ ਨੂੰ ਫਾਂਸੀ ਦੇ ਫੰਦੇ ਨਾਲ ਲਟਕਾ ਕੇ ਫਰਾਰ ਹੋ ਗਿਆ, ਜਦੋਂ ਉਸ ਦੀ ਬੇਟੀ ਨੇ ਦੇਖਿਆ ਤਾਂ ਉਸ ਨੇ ਆਪਣੇ ਮਾਮੇ ਅਤੇ ਦਾਦੀ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਫਾਹੇ ਤੋਂ ਹੇਠਾਂ ਉਤਾਰ ਕੇ ਇਲਾਜ ਲਈ ਹਸਪਤਾਲ ਲੈ ਗਏ। ਹਸਪਤਾਲ ‘ਚ ਕਰੀਬ 15 ਦਿਨਾਂ ਤੱਕ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ। ਭਾਵੇਂ ਉਸ ਦੀ ਜਾਨ ਤਾਂ ਬਚ ਗਈ ਪਰ ਫਿਲਹਾਲ ਉਹ ਤੁਰਨ ਅਤੇ ਮੰਜੇ ਤੋਂ ਉੱਠਣ ਤੋਂ ਵੀ ਬੇਵੱਸ ਹੈ।
ਇਸ ਮਾਮਲੇ ਸਬੰਧੀ ਚਾਂਦਨੀ ਬਾਗ ਥਾਣੇ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 307 ਅਤੇ 328 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।