ਫਰਿਜ਼ਨੋ (ਕੈਲੀਫੋਰਨੀਆ), 5 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਜੇਕਰ ਖਾਣ ਪੀਣ ਦੇ ਕਿਸੇ ਮੁਕਾਬਲੇ ਵਿੱਚ ਤੁਹਾਨੂੰ 10 ਮਿੰਟ ‘ਚ ਵੱਧ ਤੋਂ ਵੱਧ ਹੌਟ ਡਾਗਜ਼ ਖਾਣ ਲਈ ਕਿਹਾ ਜਾਵੇ ਤਾਂ ਕਿੰਨੇ ਖਾ ਸਕਦੇ ਹੋ ? ਜਿਆਦਾ ਨਹੀਂ ਖਾ ਸਕੋਗੇ ਪਰ 4 ਜੁਲਾਈ ਨੂੰ ਨਿਊਯਾਰਕ ਦੇ ਬਰੁਕਲਿਨ ਵਿੱਚ ਹੋਏ ਨਾਥਨ ਦੇ ਫੇਮਸ ਹੌਟ ਡਾਗ ਈਟਿੰਗ ਮੁਕਾਬਲੇ ਵਿੱਚ ਇੱਕ ਵਿਅਕਤੀ ਨੇ 10 ਮਿੰਟ ਵਿੱਚ 5, 10, 20 ਨਹੀਂ ਪੂਰੇ 76 ਹੌਟ ਡਾਗਜ਼ ਖਾ ਕੇ ਨਵਾਂ ਰਿਕਾਰਡ ਬਣਾਇਆ ਹੈ। ਆਪਣੀ ਇਸ 14 ਵੀਂ ਜਿੱਤ ਨਾਲ ਉਸਨੇ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ ਹੈ। ਜਦੋਂ ਕਿ ਮਿਸ਼ੇਲ ਲੇਸਕੋ ਨੇ ਔਰਤਾਂ ਦੇ ਇਸੇ ਹੀ ਮੁਕਾਬਲੇ ਦਾ ਖਿਤਾਬ ਆਪਣੇ ਨਾਮ ਕੀਤਾ ਹੈ।
ਵੈਸਟਫੀਲਡ, ਇੰਡੀਆਨਾ ਦੇ ਜੋਈ ਚੇਸਟਨਟ ਨੇ ਐਤਵਾਰ ਨੂੰ ਆਪਣੇ ਪਿਛਲੇ ਰਿਕਾਰਡ ਨੂੰ ਇੱਕ ਹੌਟ ਡਾਗ ਜਿਆਦਾ ਖਾ ਕੇ ਤੋੜਿਆ ਅਤੇ ਕਿਹਾ ਕਿ ਇਸ ਨਾਲ ਮੈਨੂੰ ਚੰਗਾ ਮਹਿਸੂਸ ਹੋਇਆ। ਮਹਿਲਾਵਾਂ ਦੇ ਮੁਕਾਬਲੇ ਵਿੱਚ ਟਕਸਨ (ਐਰੀਜ਼ੋਨਾ) ਦੀ ਲੇਸਕੋ ਨੇ 10 ਮਿੰਟਾਂ ਵਿਚ 30 ਦੇ ਕਰੀਬ (30 ¾) ਹੌਟ ਡਾਗਜ਼ ਖਾਧੇ ਅਤੇ ਇਸਨੂੰ ਹੈਰਾਨੀਜਨਕ ਦੱਸਿਆ। 4 ਜੁਲਾਈ ਦਾ ਇਹ ਸਲਾਨਾ ਫੈਸਟ ਆਮ ਤੌਰ ਤੇ ਬਰੁਕਲਿਨ ਦੇ ਕੌਨੀ ਆਈਲੈਂਡ ਨੇੜੇ ਨਾਥਨ ਫਲੈਗਸ਼ਿਪ ਸ਼ੌਪ ਦੇ ਬਾਹਰ ਹੁੰਦਾ ਹੈ ਪਰ ਇਸ ਸਾਲ ਦੇ ਮੁਕਾਬਲੇ ਦੀ ਯੋਜਨਾਬੰਦੀ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਵਿਚਕਾਰ ਹੋਈ, ਅਤੇ ਇਹ ਪ੍ਰੋਗਰਾਮ ਨੇੜਲੇ ਮਾਈਨਰ ਲੀਗ ਬੇਸਬਾਲ ਸਟੇਡੀਅਮ, ਮੈਮੋਨਾਈਡਜ਼ ਪਾਰਕ, ਵਿੱਚ 5,000 ਦਰਸ਼ਕਾਂ ਦੇ ਨਾਲ ਆਯੋਜਿਤ ਕੀਤਾ ਗਿਆ। ਹਾਲਾਂਕਿ ਪਿਛਲੇ ਸਾਲ, ਮਹਾਂਮਾਰੀ ਦੇ ਕਾਰਨ ਇਸ ਈਵੈਂਟ ਨੂੰ ਇਨਡੋਰ ਅਤੇ ਦਰਸ਼ਕਾਂ ਤੋਂ ਬਿਨਾਂ ਆਯੋਜਿਤ ਕੀਤਾ ਗਿਆ ਸੀ।