ਬਠਿੰਡਾ, 5 ਮਾਰਚ(ਗੁਰਜੀਤ, ਫੋਟੋ : ਰਾਮ ਸਿੰਘ ਗਿੱਲ) – ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਈ.ਜੀ. ਬਠਿੰਡਾ ਰੇਂਜ ਸ਼੍ਰੀ ਜਸਕਰਨ ਸਿੰਘ ਅਤੇ ਐਸ.ਐਸ.ਪੀ ਸ਼੍ਰੀ ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਗਵਾਈ ਗਈ।
ਇਸ ਮੌਕੇ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਕੋਵਿਡ ਵੈਕਸੀਨ ਦੀ ਦੂਜੀ ਡੋਜ 28 ਦਿਨਾਂ ਬਾਅਦ ਲਗਾਈ ਜਾਂਦੀ ਹੈ ਅਤੇ ਇਹ ਸੈਕਿੰਡ ਡੋਜ ਲਗਵਾਓਣੀ ਅਤਿ ਜ਼ਰੂਰੀ ਹੈ, ਉਸ ਤੋਂ ਬਾਅਦ ਹੀਂ ਟੀਕਾਕਰਨ ਸੰਪੂਰਨ ਹੋਣ ’ਤੇ ਸਰਟੀਫਿਕੇਟ ਜਾਰੀ ਹੋ ਸਕੇਗਾ। ਉਨਾਂ ਇਹ ਵੀ ਦੱਸਿਆ ਕਿ ਹੁਣ ਕੋਵਿਡ-19 ਵੈਕਸੀਨ ਦਾ ਟੀਕਾਕਰਨ ਕਰਵਾਉਣ ਲਈ ਲਾਭਪਾਤਰੀ ਘਰ ਬੈਠੇ ਹੀ cowin.gov.in ’ਤੇ ਖੁਦ ਰਜਿਸਟਰ ਕਰਨ ਉਪਰੰਤ ਟੀਕੇ ਲਈ ਸਥਾਨ ਅਤੇ ਮਿਤੀ ਚੁਣ ਸਕਦਾ ਹੈ।
ਆਈ.ਜੀ. ਸ਼੍ਰੀ ਜਸਕਰਨ ਸਿੰਘ ਨੇ ਵੈਕਸੀਨ ਲਗਵਾਓਣ ਤੋਂ ਬਾਅਦ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਕਿ ਇਹ ਵੈਕਸੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਵਿਅਕਤੀ ਨੂੰ ਲਗਵਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਇਸ ਬਿਮਾਰੀ ਦੀ ਲਾਗ ਤੋਂ ਸਮਾਜ ਨੂੰ ਸੁਰੱਖਿਅਤ ਕਰ ਸਕੀਏ। ਹਰ ਇੱਕ ਫਰੰਟਲਾਈਨ ਵਰਕਰ ਨੂੰ ਵੀ ਇਹ ਵੈਕਸੀਨ ਲਗਵਾਓਣੀ ਚਾਹੀਦੀ ਹੈ। ਕਿਉਂਕਿ ਫਰੰਟਲਾਈਨ ਵਰਕਰ ਅਗਲੀ ਕਤਾਰ ਵਿੱਚ ਆਮ ਪਬਲਿਕ ਨਾਲ ਵਿਚਰਦੇ ਹਨ, ਜਿਸ ਕਰਕੇ ਉਨਾਂ ਨੂੰ ਕੋਰੋਨਾ ਦਾ ਖਤਰਾ ਵੱਧ ਜਾਂਦਾ ਹੈ।
ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਕਿਹਾ ਕਿ ਜ਼ਿਲੇ ਵਿੱਚ ਹੁਣ ਤੱਕ 9000 ਦੇ ਕਰੀਬ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਇਸ ਤੋਂ ਇਲਾਵਾ 1 ਮਾਰਚ ਤੋਂ 60 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਅਤੇ 45 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਵਿਅਕਤੀਆਂ ਨੂੰ ਵੈਕਸੀਨ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਉਨਾਂ ਵੈਕਸੀਨ ਲਗਵਾਉਣ ਦੇ ਇੱਛੁਕ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵੈਕਸੀਨ ਲਗਵਾਉਣ ਸਮੇਂ ਆਪਣਾ ਸ਼ਨਾਖਤੀ ਕਾਰਡ ਲੈ ਕੇ ਆਉਣ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਨਾ ਪੇਸ਼ ਆਵੇ । ਉਨਾਂ ਨੇ ਇਸ ਮੌਕੇ ਕੋਵਿਡ -19 ਸਬੰਧੀ ਹਦਾਇਤਾਂ ਮਾਸਕ ਪਾਉਣਾ, ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਅਤੇ ਆਪਣੇ ਹੱਥਾਂ ਨੂੰ ਸਾਫ਼ ਰੱਖਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਮਨਿੰਦਰ ਪਾਲ ਸਿੰਘ, ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਨਰਿੰਦਰ ਕੁਮਾਰ, ਜ਼ਿਲਾ ਬੀ.ਸੀ.ਸੀ ਪਵਨਜੀਤ ਕੌਰ ਬੀ.ਈ.ਈ. ਅਤੇ ਗੋਪਾਲ ਰਾਏ ਵੀ ਹਾਜ਼ਰ ਸਨ।