ਫਾਜ਼ਿਲਕਾ 3 ਮਾਰਚ (ਰਿਤਿਸ਼) – ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ ਨੇ ਆਪਣੇ ਹਫਤਾਵਾਰੀ ਫੇਸਬੁਕ ਲਾਈਵ ਪੇਜ਼ ਦੌਰਾਨ ਦੱਸਿਆ ਕਿ ਕੋਵਿਡ -19 ਟੀਕਾਕਰਨ ਦਾ ਤੀਜਾ ਪੜਾਅ 1 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਰਕਾਰ ਦੁਆਰਾ ਦਰਸਾਏ ਅਨੁਸਾਰ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਨੂੰ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਦੇਣਾ ਲਾਜ਼ਮੀ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਕਾਕਰਨ ਦੇ ਇਸ ਪੜਾਅ ਵਿਚ ਟੀਕਾਕਰਨ ਲਈ ਪਹਿਲਾਂ ਰਜਿਸਟੇ੍ਰਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ ਪਰ ਟੀਕਾ ਲਗਵਾਉਣ ਦੇ ਇਛੁੱਕ ਵਿਅਕਤੀ ਇਸ ਲਈ ਪ੍ਰੀ-ਰਜਿਸਟਰ ਕਰ ਵੀ ਸਕਦੇ ਹਨ ਜਾਂ ਟੀਕਾਕਰਨ ਲਈ ਸਿੱਧੇ ਪਹੰੁਚ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ 3488 ਜਣਿਆਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਅਤੇ 448 ਜਣਿਆਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ।
ਉਨ੍ਹਾਂ ਕਰੋਨਾ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 86491 ਵਿਅਕਤੀਆਂ ਦੇ ਕਰੋਨਾ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਸ ਵਿਚੋਂ 3951 ਵਿਅਕਤੀ ਪਾਜੀਟਿਵ ਆਏ ਸਨ ਜਿਨ੍ਹਾਂ ਵਿਚੋਂ 3856 ਜਣੇ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ 2 ਨਵੇਂ ਕੇਸ ਆਉਣ ਦੇ ਨਾਲ-ਨਾਲ 1 ਵਿਅਕਤੀ ਸਿਹਤਯਾਬ ਹੋਇਆ ਹੈ। ਇਸ ਨਾਲ ਹੁਣ ਐਕਟਿਵ ਕੇਸਾਂ ਦੀ ਗਿਣਤੀ 22 ਰਹਿ ਗਈ ਹੈ ਅਤੇ 73 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਹਫਤਾਵਾਰੀ ਫੇਸਬੁਕ ਪੇਜ਼ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨਾਲ ਹੋਰ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇੰਡੀਅਨ ਆਰਮੀ ਵੱਲੋਂ ਨੋਜਵਾਨਾਂ ਲਈ ਫੌਜ਼ ਵਿਚ ਭਰਤੀ ਹੋਣ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਤੋਂ 20 ਅਪ੍ਰੈਲ 2021 ਤੱਕ ਆਰਮੀ ਰੈਲੀ ਕਰਵਾਈ ਜਾ ਰਹੀ ਹੈ ਜਿਸ ਲਈ ਨੋਜਵਾਨ 16 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ www.joinindianarmy.nic.in `ਤੇ ਪਹੁੰਚ ਕਰ ਸਕਦੇ ਹਨ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਚਲਾਈ ਜਾਂਦੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਰੇਕ ਲਾਭਪਾਤਰੀ 15 ਮਾਰਚ ਤੱਕ ਆਪਣਾ ਕਾਰਡ ਬਣਵਾਏ ਤਾਂ ਜ਼ੋ ਇਸ ਯੋਜਨਾ ਤਹਿਤ 5 ਲੱਖ ਰਪਏ ਤੱਕ ਦੇ ਨਗਦੀ ਰਹਿਤ ਇਲਾਜ ਦਾ ਲਾਹਾ ਹਾਸਲ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਅਤੇ ਘਰੇਲੂ ਕੁਦਰਤੀ ਗੈਸ ਦੀ ਵਰਤੋਂ ਲਈ ਬਾਇਗੈਸ ਪਲਾਂਟ ਲਗਾਉਣ ਲਈ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਪਲਾਂਟ ਲਗਾਉਣ ਲਈ ਆਮ ਸ਼ੇ੍ਰਣੀ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀ ਨੂੰ 12 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਹਾਸਲ ਕਰਨ।