ਫਰਿਜ਼ਨੋ (ਕੈਲੀਫੋਰਨੀਆ), 2 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੈਨੇਟ ਨੇ ਸੋਮਵਾਰ ਨੂੰ ਮਿਗੇਲ ਕਾਰਡੋਨਾ(45) ਦੀ ਰਾਸ਼ਟਰਪਤੀ ਜੋਅ ਬਾਈਡਨ ਦੇ ਸਿੱਖਿਆ ਸਕੱਤਰ ਵਜੋਂ ਪੁਸ਼ਟੀ ਕੀਤੀ ਹੈ। ਕਾਰਡੋਨਾ, ਦੀ ਸੈਨੇਟ ਦੁਆਰਾ ਇਸ ਪ੍ਰਕਿਰਿਆ ਵਿੱਚ 64-33 ਵੋਟਾਂ ਨਾਲ ਪੁਸ਼ਟੀ ਹੋਈ ਹੈ। ਆਪਣੀ ਪੁਸ਼ਟੀ ਨਾਲ ਕਾਰਡੋਨਾ ਉਸ ਸਿੱਖਿਆ ਵਿਭਾਗ ਦੀ ਨਿਗਰਾਨੀ ਕਰਨਗੇ ਜੋ ਕਿ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ ਜਿਸਦਾ ਸਾਲਾਨਾ ਬਜਟ 60 ਬਿਲੀਅਨ ਡਾਲਰ ਤੋਂ ਵੱਧ ਹੈ।ਇਸਦੇ ਇਲਾਵਾ ਉਹ ਏਜੰਸੀ ਦੇ 1.5 ਟ੍ਰਿਲੀਅਨ ਡਾਲਰ ਦੇ ਵਿਦਿਆਰਥੀ ਲੋਨ ਦੀ ਵੀ ਨਿਗਰਾਨੀ ਕਰਨਗੇ। ਕਨੈਕਟੀਕਟ ਵਿੱਚ ਸਿੱਖਿਆ ਕਮਿਸ਼ਨਰ ਕਾਰਡੋਨਾ ਬਾਈਡੇਨ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ਵਿੱਚ ਕੇ -8 ਪਬਲਿਕ ਸਕੂਲਾਂ ਦੀ ਬਹੁਗਿਣਤੀ ਨੂੰ ਮੁੜ ਖੋਲ੍ਹਣ ਦੇ ਦਬਾਅ ਦੀ ਅਗਵਾਈ ਕਰਨਗੇ।3 ਫਰਵਰੀ ਨੂੰ ਆਪਣੀ ਪੁਸ਼ਟੀਕਰਣ ਸੁਣਵਾਈ ਦੌਰਾਨ ਕਾਰਡੋਨਾ ਅਨੁਸਾਰ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ(ਸੀ.ਡੀ.ਸੀ ) ਦੁਆਰਾ ਲਾਗੂ ਕੀਤੀ ਗਈ ਹਦਾਇਤ ਅਨੁਸਾਰ ਸਕੂਲਾਂ ਨੂੰ ਸਾਰੇ ਅਧਿਆਪਕਾਂ ਨੂੰ ਕੋਰੋਨਾ ਦੇ ਟੀਕੇ ਲਗਵਾਏ ਬਿਨਾਂ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਜਾ ਸਕਦਾ ਹੈ।ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ, ਸਾਬਕਾ ਸਿੱਖਿਆ ਸੱਕਤਰ ਬੈਟਸੀ ਡੀਵੋਸ ਇੱਕ ਉੱਚ-ਪ੍ਰੋਫਾਈਲ ਅਤੇ ਵਿਵਾਦਪੂਰਨ ਮੈਂਬਰ ਵਜੋਂ ਉੱਭਰੇ ਹਨ। ਡੀਵੋਸ ਨੇ ਸਕੂਲਾਂ ਵਿੱਚ ਗੰਨਾਂ ਦਾ ਸਮਰਥਨ ਕੀਤਾ ਅਤੇ ਵਿਦਿਆਰਥੀਆਂ ਦੀ ਕਰਜ਼ਾ ਰਾਹਤ ਲਈ ਬਹੁਤ ਸਾਰੇ ਪ੍ਰਸਤਾਵਾਂ ਦਾ ਵਿਰੋਧ ਵੀ ਕੀਤਾ।ਜਦਕਿ ਕਾਰਡੋਨਾ ਨੇ ਕਾਰਡੋਨਾ ਨੇ ਨਾਗਰਿਕ ਅਧਿਕਾਰਾਂ ਅਤੇ ਐਲ ਜੀ ਬੀ ਟੀ ਕਿਉ ਵਿਦਿਆਰਥੀਆਂ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਆਪਣੀ ਪੁਸ਼ਟੀਕਰਣ ਸੁਣਵਾਈ ਦੌਰਾਨ ਟ੍ਰਾਂਸਜੈਂਡਰ ਬੱਚਿਆਂ ਦੇ ਕਾਨੂੰਨੀ ਅਧਿਕਾਰਾਂ ‘ਤੇ ਵੀ ਜ਼ੋਰ ਦਿੱਤਾ।