ਫਰਿਜ਼ਨੋ (ਕੈਲੀਫੋਰਨੀਆ), 1 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੂਬੇ ਟੈਨੇਸੀ ਵਿੱਚ 5 ਲੋਕਾਂ ਸਮੇਤ ਇੱਕ ਕਾਰ ਨਦੀ ਵਿੱਚ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਟੈਨੇਸੀ ‘ਚ ਇੱਕ ਪਿਕਅਪ ਕਾਰ ਜੋ ਕਿ ਪਾਣੀ ਨਾਲ ਢਕੇ ਹੋਏ ਪੁਲ ਉੱਤੋਂ ਨਦੀ ਵਿੱਚ ਡਿੱਗ ਪਈ ਸੀ , ਜਿਸ ਉਪਰੰਤ ਇਸ ਵਿੱਚ ਇਕ ਬੱਚੇ ਸਮੇਤ ਪੰਜ ਲੋਕਾਂ ਨੂੰ ਰਾਹਤ ਕਰਮਚਾਰੀਆਂ ਵੱਲੋਂ ਕਾਰਵਾਈ ਕਰਦਿਆਂ ਬਚਾਅ ਲਿਆ ਗਿਆ ਸੀ। ਇਹ ਵਾਹਨ ਨੈਸ਼ਵਿਲ ਤੋਂ ਲੱਗਭਗ 60 ਮੀਲ ਦੱਖਣ ਪੂਰਬ ਵਿੱਚ ਡੇਕਲਬ ਕਾਉਂਟੀ ਦੇ ਛੋਟੇ ਕਸਬੇ ਲਿਬਰਟੀ ਦੇ ਨੇੜੇ ਹੜ੍ਹ ਦੇ ਪਾਣੀ ਨਾਲ ਸੜਕ ਤੋਂ ਵਹਿ ਜਾਣ ਪੁਲ ਉੱਤੋਂ ਨਦੀ ਵਿੱਚ ਚਲਾ ਗਿਆ ਸੀ ,ਜਿਸ ਵਿੱਚ ਸਾਰੇ ਪੰਜ ਵਿਅਕਤੀ ਅੰਦਰ ਫਸ ਗਏ ਸਨ। ਇਸ ਹਾਦਸੇ ਦੇ ਸੰਬੰਧ ਵਿੱਚ ਡੇਕਲਬ ਕਾਉਂਟੀ ਦੇ ਫਾਇਰ ਵਿਭਾਗ ਦੇ ਅਨੁਸਾਰ ਕਈ ਬਚਾਅ ਏਜੰਸੀਆਂ ਦੀਆਂ ਟੀਮਾਂ ਨੇ ਇਕੱਠੇ ਹੋ ਕੇ ਕੰਮ ਕੀਤਾ ਅਤੇ ਵਾਹਨ ਵਿੱਚ ਫਸੇ ਵਿਅਕਤੀਆਂ ਨੂੰ ਸੁਰੱਖਿਅਤ ਬਚਾਉਣ ਲਈ ਇੱਕ ਟਰੱਕ ਸਮੇਤ ਕਈ ਉਪਕਰਣਾਂ ਦੀ ਵਰਤੋਂ ਕੀਤੀ ਅਤੇ ਇਸ ਹਾਦਸੇ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਨੈਸ਼ਵਿਲ ਵਿੱਚ ਨੈਸ਼ਨਲ ਮੌਸਮ ਸੇਵਾ ਦੇ ਦਫਤਰ ਨੇ ਐਤਵਾਰ ਨੂੰ ਡੇਕਲਬ ਸਮੇਤ ਟੈਨੇਸੀ ਦੀਆਂ ਕਈ ਕਾਉਂਟੀਆਂ ਲਈ ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਸੀ। ਇਸਦੇ ਇਲਾਵਾ ਏਜੰਸੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ
2 ਇੰਚ ਪ੍ਰਤੀ ਘੰਟਾ ਤੋਂ ਵੱਧ ਤੇਜ਼ ਬਾਰਸ਼ ਕਾਰਨ ਪਾਣੀ ਦੇ ਮਾੜੇ ਨਿਕਾਸ ਵਾਲੇ ਖੇਤਰਾਂ ਦੇ ਨਾਲ ਨਾਲ ਛੋਟੇ ਖਾਲ ਅਤੇ ਨਦੀਆਂ ਜਲਦੀ ਪ੍ਰਭਾਵਿਤ ਹੋ ਸਕਦੀਆਂ ਹਨ।