ਫਰਿਜ਼ਨੋ (ਕੈਲੀਫੋਰਨੀਆ), 25 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਟੈਕਸਾਸ ਵਿੱਚ ਬਰਫੀਲੇ ਤੁਫਾਨਾਂ ਤੋਂ ਬਾਅਦ ਨਿਵਾਸੀਆਂ ਨੂੰ ਬਿਜਲੀ ਦੇ ਭਾਰੀ ਬਿੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਟੈਕਸਾਸ ਦੀ ਮਹਿਲਾ ਜਿਸ ਨੂੰ ਇਸ ਮਹੀਨੇ 9,000 ਡਾਲਰ ਤੋਂ ਵੱਧ ਦਾ ਬਿਜਲੀ ਬਿੱਲ ਦਿੱਤਾ ਗਿਆ ਹੈ, ਉਹ ਬਿਜਲੀ ਕੰਪਨੀ ‘ਤੇ ਇਸ ਵੱਧ ਕੀਮਤ ਲਈ ਮੁਕੱਦਮਾ ਕਰ ਰਹੀ ਹੈ। ਟੈਕਸਾਸ ਵਿੱਚ ਬਰਫੀਲੇ ਤੂਫਾਨਾਂ ਦੇ ਬਾਅਦ ਹਜ਼ਾਰਾਂ ਗਾਹਕਾਂ ਲਈ ਬਿਜਲੀ ਦੀਆਂ ਕੀਮਤਾਂ ਨੂੰ ਵਧਾਉਣ ਤੋਂ ਬਾਅਦ ਇਹ ਪਹਿਲਾ ਮੁਕੱਦਮਾ ਹੈ, ਜਦਕਿ ਕਨਜ਼ਿਊਮਰ ਕਾਨੂੰਨੀ ਮਾਹਿਰਾਂ ਅਨੁਸਾਰ ਅਜਿਹੇ ਹੋਰ ਮੁਕੱਦਮੇ ਆਉਣ ਦੀ ਵੀ ਸੰਭਾਵਨਾ ਹੈ। ਇਸ ਮਾਮਲੇ ਵਿੱਚ ਹਿਊਸਟਨ ਵਿੱਚ ਚੈਂਬਰਜ਼ ਕਾਉਂਟੀ ਦੀ ਵਸਨੀਕ ਲੀਜ਼ਾ ਖੌਰੀ ਨੇ ਸੋਮਵਾਰ ਨੂੰ ਬਿਜਲੀ ਕੰਪਨੀ ਗਰਿੱਡੀ ਐਨਰਜੀ ਦੇ ਖਿਲਾਫ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਹੈ। ਇਸ ਮੁਕੱਦਮੇ ਦੇ ਅਨੁਸਾਰ, ਖੌਰੀ ‘ਤੇ 1 ਫਰਵਰੀ ਤੋਂ 19 ਫਰਵਰੀ ਦਰਮਿਆਨ 9,546 ਡਾਲਰ ਬਿੱਲ ਦਿੱਤਾ ਗਿਆ ਜੋ ਕਿ ਆਮ ਬਿੱਲ 200 ਤੋਂ 250 ਡਾਲਰ ਦੀ ਸੀਮਾ ਤੋਂ ਸੈਂਕੜੇ ਗੁਣਾ ਜ਼ਿਆਦਾ ਹੈ। ਖੌਰੀ ਅਤੇ ਉਸਦਾ ਪਤੀ ਬੁੱਧਵਾਰ, 17 ਫਰਵਰੀ, 2021 ਤੋਂ ਵੀਰਵਾਰ, 18 ਫਰਵਰੀ, 2021 ਤੱਕ ਆਪਣੇ ਘਰ ਵਿੱਚ ਬਿਨਾਂ ਬਿਜਲੀ ਦੇ ਸਨ। ਇਸ ਦੇ ਇਲਾਵਾ ਖੌਰੀ ਨੇ ਦੱਸਿਆ ਕਿ ਬਿਜਲੀ ਕੰਪਨੀ ਗਰਿੱਡੀ ਨੇ ਉਸਦੇ ਬੈਂਕ ਰਾਹੀਂ ਭੁਗਤਾਨ ਰੋਕਣ ਤੋਂ ਪਹਿਲਾਂ ਬੈਂਕ ਖਾਤੇ ਵਿਚੋਂ 1,200 ਡਾਲਰ ਦੀ ਰਕਮ ਆਟੋ-ਪੇਅ ਸਿਸਟਮ ਰਾਹੀਂ ਕੱਢ ਲਈ ਹੈ, ਪਰ ਸ਼ਿਕਾਇਤ ਅਨੁਸਾਰ ਉਸ ਕੋਲ ਅਜੇ ਵੀ 8,000 ਡਾਲਰ ਦੀ ਰਕਮ ਬਕਾਇਆ ਰਕਮ ਹੈ । ਖੌਰੀ ਅਤੇ ਇਸ ਮੁਕੱਦਮੇ ਦੇ ਹੋਰ ਮੈਂਬਰ ਇੱਕ ਬਿਲੀਅਨ ਡਾਲਰ ਰਾਹਤ ਦੀ ਮੰਗ ਕਰ ਰਹੇ ਹਨ।ਬਿਜਲੀ ਬਿੱਲਾਂ ਵਿੱਚ ਭਾਰੀ ਵਾਧੇ ਦੇ ਸੰਬੰਧ ਵਿੱਚ ਕੰਪਨੀ ਦੀ ਵੈਬਸਾਈਟ ਅਨੁਸਾਰ ਕੰਪਨੀ ਉੱਚ ਸ਼ਕਤੀ ਦੀਆਂ ਕੀਮਤਾਂ ਤੋਂ ਲਾਭ ਨਹੀਂ ਉਠਾਉਂਦੀ ਹੈ ਅਤੇ ਇਹ ਪਿਛਲੇ ਹਫਤੇ ਦੇ ਵਾਧੇ ਲਈ ਟੈਕਸਾਸ ਦੇ ਪਬਲਿਕ ਯੂਟਿਲਟੀ ਕਮਿਸ਼ਨ ਨੂੰ ਦੋਸ਼ੀ ਠਹਿਰਾਉਂਦੀ ਹੈ।