ਫਰਿਜ਼ਨੋ (ਕੈਲੀਫੋਰਨੀਆ), 25 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੋਰੋਨਾ ਵਾਇਰਸ ਟੀਕੇ ਦਾ ਉਤਪਾਦਨ ਕਰਨ ਵਾਲੀ ਪ੍ਰਮੁੱਖ ਕੰਪਨੀ ਫਾਈਜ਼ਰ, ਇਸਦੇ ਟੀਕੇ ਦੀਆਂ ਦੋ ਖੁਰਾਕਾਂ ਰਾਹੀਂ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਵਿੱਚ 95 ਪ੍ਰਤੀਸ਼ਤ ਪ੍ਰਭਾਵਸ਼ੀਲਤਾ ਦੇ ਬਾਵਜੂਦ, ਇੱਕ ਹੋਰ ਤੀਜੀ ਖੁਰਾਕ ਦੇ ਸੰਬੰਧ ਵਿੱਚ ਅਧਿਐਨ ਕਰ ਰਹੀ ਹੈ। ਇਸ ਸੰਬੰਧ ਵਿੱਚ ਕੰਪਨੀ ਨੇ ਵੀਰਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਕੀਤੀ ਕਿ ਛੇ ਮਹੀਨਿਆਂ ਤੋਂ ਪਹਿਲਾਂ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਹੁਣ ਇਸਦੀ ਤੀਜੀ ਬੂਸਟਰ ਖੁਰਾਕ ਦਾ ਅਧਿਐਨ ਕੀਤਾ ਜਾ ਰਿਹਾ ਹੈ। ਫਾਈਜ਼ਰ ਦੇ ਸੀ ਈ ਓ ਐਲਬਰਟ ਬੌਰਲਾ ਅਨੁਸਾਰ ਵੈਕਸੀਨ ਦੀ ਤੀਜੀ ਖੁਰਾਕ ਕੋਲੋਂ ਇਮਊਨਿਟੀ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਵਾਇਰਸ ਦੇ ਰੂਪਾਂ ਵਿਰੁੱਧ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਦੀ ਉਮੀਦ ਹੈ। ਇਹ ਨਵਾਂ ਅਧਿਐਨ ਦੋ ਉਮਰ ਸਮੂਹਾਂ ਵਿੱਚ ਤੀਜੀ ਖੁਰਾਕ ਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ ਦੀ ਨਿਗਰਾਨੀ ਕਰੇਗਾ। ਇਸ ਵਿੱਚ 18 ਤੋਂ 55 ਅਤੇ 65 ਤੋਂ 85 ਸਾਲ ਦੀ ਉਮਰ ਸਮੂਹ ਵਾਲੇ ਉਹ ਲੋਕ ਹਿੱਸਾ ਲੈਣਗੇ ਜੋ ਫਾਈਜ਼ਰ ਬਾਇਓਨਟੈਕ ਦਾ ਟੀਕਾ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਸਨ , ਜਿਹਨਾਂ ਨੇ ਮਈ ‘ਚ ਸ਼ੁਰੂ ਹੋਏ ਫਾਈਜ਼ਰ ਦੇ ਸ਼ੁਰੂਆਤੀ ਪੜਾਅ 1/2 ਕਲੀਨੀਕਲ ਅਜ਼ਮਾਇਸ਼ ਲਈ ਟੀਕਾ ਲਗਵਾਇਆ ਸੀ। ਉਸ ਪ੍ਰੀਖਣ ਦੇ ਦੌਰਾਨ, ਹਿੱਸਾ ਲੈਣ ਵਾਲਿਆਂ ਨੂੰ ਤਿੰਨ ਹਫ਼ਤਿਆਂ ਦੇ ਅੰਤਰਾਲ ਨਾਲ ਟੀਕੇ ਦੀਆਂ ਦੋ ਖੁਰਾਕਾਂ ਮਿਲੀਆਂ ਸਨ ,ਅਤੇ ਉਸੇ ਖੁਰਾਕ ਅੰਤਰਾਲ ਦੀ ਸਿਫਾਰਸ਼ ਮੌਜੂਦਾ ਸਮੇਂ ਕੀਤੀ ਜਾਂਦੀ ਹੈ। ਇਸਦੇ ਇਲਾਵਾ ਫਾਈਜ਼ਰ ਦੁਆਰਾ ਟੀਕੇ ਦੇ ਇੱਕ ਸੋਧੇ ਹੋਏ ਰੂਪ ਦੀ ਦੱਖਣੀ ਅਫਰੀਕੀ ਵਾਇਰਸ ਦੇ ਰੂਪ ਵਿਰੁੱਧ ਕੰਮ ਕਰਨ ਲਈ ਟੈਸਟ ਕਰਨ ਦੀ ਵੀ ਯੋਜਨਾ ਬਣਾਈ ਹੈ।