Menu

ਦਿਲਾਂ ਤੇ ਅਮਿੱਟ ਯਾਦਾਂ ਦੀ ਛਾਪ ਛੱਡ ਗਿਆ ਵਿਜ਼ਡਮ ਕਾਨਵੈਂਟ ਸਕੂਲ ਦਾ ‘ਨੁਹਾਰ-ਏ-ਵਿਰਾਸਤ’ – 2 ਮੇਲਾ

ਫਾਜ਼ਿਲਕਾ, 22 ਫਰਵਰੀ (ਰਿਤਿਸ਼) – ਵਿਜ਼ਡਮ ਕਾਨਵੈਂਟ ਸਕੂਲ ਵਿੱਚ 21 ਫ਼ਰਵਰੀ ਦਿਨ ਐਤਵਾਰ ਨੂੰ ਪੰਜਾਬ ਦੀ ਅਮੀਰ ਵਿਰਾਸਤ ਦੀਆਂ ਝਲਕਾਂ ਮਾਰਦਾ ਤੇ ਪੁਰਾਣੇ ਪੇਂਡੂ ਜੀਵਨ ਨੂੰ ਮੁੜ ਸੁਰਜੀਤ ਕਰਦਾ ਹੋਇਆ ‘ਨੁਹਾਰ-ਏ-ਵਿਰਾਸਤ – 2’ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਨੇ ਲੋਕ-ਹਿਰਦਿਆਂ ਨੂੰ ਨਾ ਕੇਵਲ ਪੁਰਾਣੇ ਰੰਗਲੇ ਤੇ ਖੂਬਸੂਰਤ ਪੰਜਾਬ ਦੀ ਯਾਦ ਦਿਵਾਈ, ਬਲਕਿ ਇਸ ਮੇਲੇ ਨੇ ਲੋਕ-ਮਨਾਂ ਤੇ ਡੂੰਘੀ ਛਾਪ ਛੱਡੀ।
 ਇਸ ਮੌਕੇ ਤੇ ਸਕੂਲ ਦੇ ਵਿਹੜੇ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਪੁਰਾਣੇ ਪੰਜਾਬ ਨੂੰ ਮੁੜ ਤੋਂ ਜਿਉਂਦਾ ਕਰਦੀਆਂ ਬਲਦ-ਗੱਡੀਆਂ, ਘੋੜ-ਸਵਾਰੀਆਂ ਦਾ ਆਪਣਾ ਇੱਕ ਵੱਖਰਾ ਹੀ ਨਜ਼ਾਰਾ ਸੀ। ਇਸੇ ਤਰ੍ਹਾਂ ਪੇਂਡੂ ਸਵਾਣੀਆਂ ਦੇ ਚੁੱਲੇ-ਚੌਂਕੇ ਦੀ ਝਲਕ ਵੀ ਵੇਖਣ ਨੂੰ ਮਿਲੀ, ਜਿੱਥੇ ਲੋਕਾਂ ਨੇ ਖੂਬ ਤਸਵੀਰਾਂ ਖਿਚਵਾਈਆਂ। ਬੱਚਿਆਂ ਲਈ ਝੂਲਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਜਿਸ ਦਾ ਉਹਨਾਂ ਨੇ ਖੂਬ ਅਨੰਦ ਉਠਾਇਆ
         ਪੁਰਾਣੇ ਖੇਤੀਬਾੜੀ ਦੇ ਸੰਦ ਤੇ ਘਰਾਂ ਵਿੱਚ ਵਰਤੇ ਜਾਂਦੇ ਪੁਰਾਤਨ ਬਰਤਨਾਂ ਨੇ ਵੀ ਲੋਕਾਂ ਨੂੰ ਆਪਣੇ ਸਮੇਂ ਦੀ ਯਾਦ ਲਿਆ ਦਿੱਤੀ। ਵੱਖ-ਵੱਖ ਪੰਛੀਆਂ ਨਾਲ ਸਜੀ ਹੋਈ ਖ਼ਾਸ ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਜਿੱਥੇ ਲੋਕਾਂ ਨੇ ਆਪਣੇ ਪਿਛੋਕੜ ਨੂੰ ਸਾਕਾਰ ਰੂਪ ਵਿੱਚ ਵੇਖਿਆ।
     ਮੇਲੇ ਦੀ ਸ਼ੁਰੂਆਤ ਮਾਸਟਰ ਗੁਰਮੀਤ ਸਿੰਘ ਦੁਆਰਾ ਗੁਰਬਾਣੀ ਦੇ ਸ਼ਬਦ ਤੋਂ ਸ਼ੁਰੂ ਕੀਤੀ ਗਈ । ਇਸ ਉਪਰੰਤ ਬਚਪਨ ਸਕੂਲ ਦੇ ਛੋਟੇ – ਛੋਟੇ ਬੱਚਿਆਂ ਦੀ ਭੰਗੜਾ ਪੇਸ਼ਕਾਰੀ ਹੋਈ । ਛੋਟੇ ਬੱਚਿਆਂ ਲਈ ਛੋਟੀ ਸਰਦਾਰਨੀ ਤੇ ਨਿੱਕਾ ਜੈਲਦਾਰ ਅਤੇ ਗੱਭਰੂ ਅਤੇ ਮੁਟਿਆਰਾਂ ਲਈ ਪੰਜਾਬੀ ਗੱਭਰੂ ਤੇ ਪੰਜਾਬੀ ਮੁਟਿਆਰ ਦੇ ਸਿਰਲੇਖ ਹੇਠ ਵਿਰਾਸਤੀ ਪੁਸ਼ਾਕ ਪਹਿਨ ਕੇ ਮਾਡਲਿੰਗ ਮੁਕਾਬਲੇ ਵੀ ਕਰਵਾਏ ਗਏ ਜਿਹਨਾਂ ਵਿੱਚੋਂ ਸਾਨੂੰ ਅਲੋਪ ਹੁੰਦੇ ਜਾ ਰਹੇ ਸੱਭਿਆਚਾਰਕ ਪਹਿਰਾਵੇ ਦੀ ਝਲਕ ਵੇਖਣ ਨੂੰ ਮਿਲੀ।
 ਇਸ ਮੇਲੇ ਵਿੱਚ ਖਾਲਸਾਈ ਰੂਪ ਵਿੱਚ ਸਜੇ ਹੋਏ ਬੱਚਿਆਂ ਨੇ ਗਤਕੇ ਦੇ ਜੌਹਰ ਵੀ ਵਿਖਾਏ। ਜਿਸ ਵਿੱਚ ਚੜ੍ਹਦੀ ਕਲਾ ਗਤਕਾ ਅਕੈਡਮੀ, ਫਾਜ਼ਿਲਕਾ ਦਾ ਵਿਸ਼ੇਸ਼ ਸਹਿਯੋਗ ਰਿਹਾ।
           ਇਸ ਮੌਕੇ ਤੇ ਸਟੇਜੀ ਪੇਸ਼ਕਾਰੀਆਂ ਨੇ ਵੀ ਖੂਬ ਸਮਾਂ ਬੰਨ੍ਹਿਆ ਤੇ ਲੋਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਇਹਨਾਂ ਵਿੱਚ ਲੋਕ-ਨਾਚ ਗਿੱਧੇ, ਭੰਗੜੇ, ਝੂਮਰ ਦੇ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਸਿਓਨ ਕਾਲਜ, ਅਬੋਹਰ ਦਾ ਭੰਗੜਾ ਪਹਿਲੇ ਸਥਾਨ ਤੇ , ਵਿਜ਼ਡਮ ਕਾਨਵੈਂਟ ਸਕੂਲ, ਫਾਜ਼ਿਲਕਾ ਦੀ ਗਿੱਧਾ ਟੀਮ ਦੂਜੇ ਅਤੇ ਲਵਲੀ ਭੰਗਡ਼ਾ ਕ੍ਰਿਉ ਤੀਜੇ ਸਥਾਨ ਤੇ ਰਿਹਾ ।
   ਲੋਕ ਗੀਤਾਂ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੇ ਆਪਣੀ ਖੂਬਸੂਰਤ ਅਵਾਜ਼ ਦਾ ਲੋਹਾ ਮਨਵਾਇਆ। ਲੋਕ – ਨਾਚ ਦੇ ਵਿਅਕਤੀਗਤ ਮੁਕਾਬਲੇ ਵੀ ਕਰਵਾਏ ਗਏ ਜਿਹਨਾਂ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸ ਤੋਂ ਇਲਾਵਾ ਸੋਹਣੀ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸਦੇ ਨਾਲ਼ ਹੀ ਸਜਾਉਣ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ। ਲੱਸੀ- ਮੁਕਾਬਲੇ ਅਤੇ ਪਤੰਗਬਾਜ਼ੀ ਦੇ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕਾਰਨ ਰਹੇ ।
           ਮੇਲੇ ਤੇ ਕਰਵਾਏ ਗਏ ਅਲੱਗ-ਅਲੱਗ ਮੁਕਾਬਲਿਆਂ ਦੀ ਪਰਖ਼ ਕਰਨ ਲਈ ਸੰਬੰਧਿਤ ਵੰਨਗੀਆਂ ਦੇ ਮਾਹਿਰਾਂ ਦੀ ਡਿਊਟੀ ਲਗਾਈ ਗਈ ਸੀ। ਇਸ ਵਿੱਚ ਲੋਕ-ਨਾਚ ਮੁਕਾਬਲੇ, ਨਿੱਕਾ ਜੈਲਦਾਰ/ਛੋਟੀ ਸਰਦਾਰਨੀ, ਪੰਜਾਬੀ ਮੁਟਿਆਰ/ਪੰਜਾਬੀ ਗੱਭਰੂ ਅਤੇ ਲੋਕ – ਨਾਚ ਦੇ ਵਿਅਕਤੀਗਤ ਮੁਕਾਬਲੇ ਲਈ ਸ.  ਰਵੀ ਸਿੰਘ ਬਰਾੜ, ਸ਼੍ਰੀ ਰਜਨੀਸ਼ ਮਾਰਸ਼ਲ ਅਤੇ ਸ਼੍ਰੀਮਤੀ ਜਯੋਤੀ ਮਾਰਸ਼ਲ  ਨੇ ਜੱਜ ਦੀ ਭੂਮਿਕਾ ਨਿਭਾਈ।
         ਲੋਕ-ਗੀਤ ਮੁਕਾਬਲਿਆਂ ਲਈ ਸ. ਗੁਰਮੀਤ ਸਿੰਘ’ ਅਤੇ ਡਾ. ਵਿਜੈ ਪ੍ਰਵੀਨ ਜੀ ਤੇ ਦਸਤਾਰ ਮੁਕਾਬਲਿਆਂ ਲਈ ਸ. ਹਰਕਰਨਜੀਤ ਸਿੰਘ ਅਤੇ ਸ. ਗੁਰਮੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ।
        ਨੁਹਾਰ-ਏ-ਵਿਰਾਸਤ ਮੇਲੇ ਨੂੰ ਨੇਪਰੇ ਚੜਾਉਣ ਤੇ ਸਮੁੱਚੇ ਪ੍ਰਬੰਧ ਕਰਨ ਲਈ ਵਿਜ਼ਡਮ ਕਾਨਵੈਂਟ ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ, ਦਫ਼ਤਰ ਕਰਮਚਾਰੀ, ਸੇਵਾਦਾਰ ਤੇ ਸਕੂਲ ਕਮੇਟੀ ਨੇ ਦਿਨ ਰਾਤ ਇੱਕ ਕਰ ਦਿੱਤੀ। ਜਿਸ ਦਾ ਨਤੀਜ਼ਾ ਲੋਕਾਂ ਵਲੋਂ ਭਰਪੂਰ ਗਿਣਤੀ ਵਿੱਚ ਪਹੁੰਚ ਕੇ ਮੇਲੇ ਨੂੰ ਸਿਖਰਾਂ ਤੇ ਲਿਜਾ ਕੇ ਦਿੱਤਾ।
         ਇਸ ਮੇਲੇ ਵਿੱਚ ਸ਼ਹਿਰ ਦੀਆਂ ਮਸ਼ਹੂਰ ਚੀਜ਼ਾਂ ਨਾਲ਼ ਸਬੰਧਿਤ ਵਿਸ਼ੇਸ਼ ਸਟਾਲਾਂ ਵੀ ਲਾਈਆਂ ਗਈਆਂ ਸਨ ਜਿਹਨਾਂ ਨੇ ਇਸ ਮੇਲੇ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ । ਮੇਲੇ ਵਿੱਚ ਲਾਈਆਂ ਗਈਆਂ ਸਟਾਲਾਂ ਦੇ ਮਾਲਕਾਂ ਨੂੰ ਵੀ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕਰਕੇ ਉਹਨਾਂ ਪ੍ਰਤੀ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ l
            ਇਕ ਮੌਕੇ ਸਕੂਲ ਚੇਅਰਮੈਨ ਸ਼੍ਰੀ ਕਵਿੰਦਰ ਨਾਥ ਦਹੂਜਾ ਅਤੇ ਡਾਇਰੈਕਟਰ ਸ. ਪਰਮਜੀਤ ਸਿੰਘ ਵੈਰੜ ਨੇ ਆਏ ਹੋਏ ਖ਼ਾਸ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਸ਼੍ਰੀਮਤੀ ਪਵਨਪ੍ਰੀਤ ਕੌਰ ਅਤੇ ਮਾਸਟਰ ਗੁਰਮੀਤ ਸਿੰਘ ਦੁਆਰਾ ਕੀਤਾ ਗਿਆ । ਸਕੂਲ ਅਕਾਦਮਿਕ ਹੈੱਡ ਸ਼੍ਰੀ ਮੋਹਿਤ ਅਨੇਜਾ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਸਕੂਲ ਵਿੱਚ ਪਹੁੰਚਣ ਅਤੇ ਮੇਲੇ ਵਿੱਚ ਸ਼ਿਰਕਤ ਕਰਨ ਤੇ ਧੰਨਵਾਦ ਕੀਤਾ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In