Menu

ਕੋਲੋਰਾਡੋ ਵਿੱਚ ਐਮਰਜੈਂਸੀ ਲੈਂਡਿੰਗ ਦੌਰਾਨ ਰਿਹਾਇਸ਼ੀ ਖੇਤਰ ਵਿੱਚ ਡਿੱਗਿਆ ਜਹਾਜ਼ ਦਾ ਮਲਬਾ

ਫਰਿਜ਼ਨੋ (ਕੈਲੀਫੋਰਨੀਆ), 21 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਕੋਲੋਰਾਡੋ ਵਿੱਚ ਸ਼ਨੀਵਾਰ ਦੇ ਦਿਨ ਯੂਨਾਈਟਿਡ ਏਅਰਲਾਇੰਸ ਦੀ ਇੱਕ ਉਡਾਣ ਨੇ ਟੇਕ ਆਫ ਤੋਂ ਥੋੜ੍ਹੀ ਦੇਰ ਬਾਅਦ ਇੰਝਣ ਵਿੱਚ ਆਈ ਖਰਾਬੀ ਕਾਰਨ ਇਕ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ, ਪਰ ਇਸ ਦੌਰਾਨ ਜਹਾਜ਼ ਦੇ ਕੁੱਝ ਵੱਡੇ ਹਿੱਸੇ ਰਿਹਾਇਸ਼ੀ ਖੇਤਰ ਵਿੱਚ ਡਿੱਗੇ , ਜਿਸ ਬਾਰੇ ਕਿ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਏਅਰ ਲਾਈਨ ਦੇ  ਇੱਕ ਬਿਆਨ ਅਨੁਸਾਰ ਯੂਨਾਈਟਿਡ ਫਲਾਈਟ 328 ਨੇ 231 ਯਾਤਰੀਆਂ ਅਤੇ 10 ਕਰਿਊ ਮੈਂਬਰਾਂ ਨੂੰ ਲੈ ਕੇ, ਡੈਨਵਰ ਤੋਂ ਹੋਨੋਲੂਲੂ ਲਈ ਦੁਪਹਿਰ 12 ਵਜੇ ਉਡਾਣ ਭਰੀ,ਪਰ ਟੇਕ ਆਫ ਤੋਂ ਬਾਅਦ ਇਸਨੂੰ ਤਕਨੀਕੀ ਨੁਕਸ ਦਾ ਸਾਹਮਣਾ ਕਰਨ ਦੇ ਬਾਅਦ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਸ ਜਾਣ ਲਈ ਮਜਬੂਰ  ਹੋਣਾ ਪਿਆ। ਇਸ ਦੌਰਾਨ ਯੂਨਾਈਟਿਡ ਏਅਰਲਾਇੰਸ ਦੁਆਰਾ ਸੰਚਾਲਤ ਬੋਇੰਗ 777-200 ਦੀ ਉਡਾਣ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਝਣ ਦੀ ਅਸਫਲਤਾ ਦਾ ਸਾਹਮਣਾ ਕਰਨ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਉਤਾਰੀ ਗਈ ਅਤੇ ਇਸਦੀ ਐਮਰਜੈਂਸੀ ਲੈਂਡਿੰਗ ਦੌਰਾਨ ਸਾਰੇ ਯਾਤਰੀਆਂ ਨੂੰ ਸੁਰੱਖਿਅਤ  ਟਰਮੀਨਲ ‘ਤੇ ਲਿਜਾਇਆ ਗਿਆ। ਪਰ ਇਸ ਲੈਂਡਿੰਗ ਕਰਕੇ ਡੈਨਵਰ ਤੋਂ 16 ਮੀਲ ਉੱਤਰ ਵੱਲ ਸਥਿਤ ਬਰੂਮਫੀਲਡ ਸ਼ਹਿਰ ਦੀ ਪੁਲਿਸ ਨੂੰ  1 ਵਜੇ ਦੇ ਕਰੀਬ ਜਹਾਜ਼ ਵਿਚੋਂ ਧਾਤ ਦੇ ਟੁਕੜੇ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸਾਗ੍ਰਸਤ ਹੋਏ ਜਹਾਜ਼ ਦਾ ਮਲਬਾ  ਤਿੰਨ ਵੱਖ-ਵੱਖ ਮੁਹੱਲਿਆਂ ਵਿੱਚ ਡਿੱਗਿਆ ਹੋਇਆ ਮਿਲਿਆ,ਜਿਸ ਨਾਲ ਕਿ ਘਰਾਂ ਅਤੇ ਕੁੱਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਫ ਏ ਏ ਅਤੇ ਐਨ ਟੀ ਐਸ ਬੀ ਸੰਸਥਾਵਾਂ ਦੁਆਰਾ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In