ਬਠਿੰਡਾ, 17 ਫਰਵਰੀ (ਗੁਰਜੀਤ, ਫੋਟੋ : ਰਾਮ ਸਿੰਘ ਗਿੱਲ) – ਬਠਿੰਡਾ ਜ਼ਿਲ੍ਹੇ ਅੰਦਰ ਕਾਰਪੋਰੇਸ਼ਨ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸ਼ਹਿਰ ਦੇ ਪੰਜਾਹ ਵਾਰਡਾਂ ਚੋਂ 43 ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ, ਜਦ ਕਿ ਸ੍ਰੋਮਣੀ ਅਕਾਲੀ ਦਲ ਨੇ ਸੱਤ ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਕੇਂਦਰ ਵਿੱਚ ਸੱਤ੍ਹਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਇਸ ਨਿਰੋਲ ਸ਼ਹਿਰ ਵਿੱਚੋਂ ਆਪਣਾ ਖਾਤਾ ਵੀ ਨਹੀਂ ਖੋਹਲ ਸਕੀ।ਕਾਂਗਰਸ ਦੇ ਸੀਨੀਅਰ ਆਗੂ ਸ੍ਰ: ਜਗਰੂਪ ਸਿੰਘ ਗਿੱਲ ਨੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਇਸ ਚੋਣ ਵਿੱਚ ਹਿੱਸਾ ਲਿਆ ਤੇ ਜਿੱਤ ਪ੍ਰਾਪਤ ਕੀਤੀ ਹੈ। ਉਹ ਨਗਰ ਕੌਂਸਲ ਬਠਿੰਡਾ ਦੇ ਪ੍ਰਧਾਨ ਅਤੇ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਉਹ ਅਤੀ ਨਜਦੀਕੀ ਹਨ ਅਤੇ ਨਿਗਮ ਦੇ ਕੰਮਾਂ ਸਬੰਧੀ ਉਹਨਾਂ ਨੂੰ ਕਾਫ਼ੀ ਜਾਣਕਾਰੀ ਹੈ। ਬਠਿੰਡਾ ਸ਼ਹਿਰ ਦਾ ਮੇਅਰ ਕੌਣ ਹੋਵੇਗਾ? ਭਾਵੇਂ ਇਹ ਫੈਸਲਾ ਰਾਜ ਸਰਕਾਰ ਵੱਲੋਂ ਅਜੇ ਨਹੀਂ ਕੀਤਾ ਗਿਆ, ਪਰ ਸ੍ਰ: ਗਿੱਲ ਦਾ ਮੇਅਰ ਬਣਨਾ ਲੱਗਭੱਗ ਸਪਸ਼ਟ ਦਿਖਾਈ ਦੇ ਰਿਹਾ ਹੈ।