ਫਰਿਜ਼ਨੋ (ਕੈਲੀਫੋਰਨੀਆ), 16 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਸੂਬੇ ਵਿੱਚ ਕੋਰੋਨਾ ਵਾਇਰਸ ਟੀਕਿਆਂ ਨੂੰ ਵਧਾਉਣ ਅਤੇ ਵੰਡ ਨੂੰ ਤੇਜ਼ ਕਰਨ ਲਈ ਗਵਰਨਰ ਨਿਊਸਮ ਦੇ ਪ੍ਰਸ਼ਾਸਨ ਦੁਆਰਾ ਸੋਮਵਾਰ ਨੂੰ ਬੀਮਾ ਕੰਪਨੀ ਬਲਿਊ ਸ਼ੀਲਡ ਨਾਲ ਕੀਤੇ ਗਏ ਇਕਰਾਰਨਾਮੇ ਤਹਿਤ 15 ਮਿਲੀਅਨ ਡਾਲਰ ਤੱਕ ਦਾ ਭੁਗਤਾਨ ਕਰ ਸਕਦਾ ਹੈ। ਇਸ ਤਹਿਤ ਬਲਿਊ ਸ਼ੀਲਡ ਦਾ ਟੀਕੇ ਦੀ ਵੰਡ ਸੰਬੰਧੀ ਕੰਮ ਰਾਜ ਦੇ ਤੀਜੇ ਪ੍ਰਬੰਧਕ ਵਜੋਂ ਸੋਮਵਾਰ ਤੋਂ ਸ਼ੁਰੂ ਹੋਵੇਗਾ।ਇਸ ਸਮਝੌਤੇ ਤਹਿਤ ਇਹ ਕੰਪਨੀ ਰਾਜ ਨੂੰ ਤੀਜੀ ਧਿਰ ਦੇ ਖਰਚਿਆਂ ਸੰਬੰਧੀ 15 ਮਿਲੀਅਨ ਡਾਲਰ ਦਾ ਬਿੱਲ ਦੇਣ ਦੇ ਯੋਗ ਹੋਵੇਗੀ ਅਤੇ ਇਸ ਵਿੱਚ ਸਟਾਫ ਦਾ ਸਮਾਂ ਸ਼ਾਮਿਲ ਨਹੀਂ ਹੋਵੇਗਾ ਜੋ ਕਿ ਇਕਰਾਰਨਾਮੇ ਦੇ ਅਨੁਸਾਰ,ਬਲਿਊ ਸ਼ੀਲਡ ਕੰਪਨੀ ਮੁਫਤ ਪ੍ਰਦਾਨ ਕਰੇਗੀ।ਪ੍ਰਸ਼ਾਸਨਿਕ ਅਧਿਕਾਰੀ, ਯੋਲਾਂਡਾ ਰਿਚਰਡਸਨ ਅਨੁਸਾਰ
ਟੀਕਾਕਰਨ ਮੁਹਿੰਮ ਵਿੱਚ ਟੀਕੇ ਦੀ ਵੰਡ ਨੂੰ ਕੇਂਦਰੀਕਰਨ ਕਰਨ ਲਈ ਬਲਿਊ ਸ਼ੀਲਡ ਨਾਲ ਇਹ ਸਮਝੌਤਾ ਕੀਤਾ ਜਾ ਰਿਹਾ ਹੈ।ਇਸਦੇ ਇਲਾਵਾ ਟੀਕਾਕਰਨ ਵਧਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਕੈਲੀਫੋਰਨੀਆ ਕੈਸਰ ਪਰਮਾਨੇਂਟ ਨਾਲ ਵੀ ਇਕਰਾਰਨਾਮਾ ਕਰ ਰਿਹਾ ਹੈ, ਪਰ ਪ੍ਰਸ਼ਾਸਨ ਨੇ ਅਜੇ ਤੱਕ ਇਹ ਇਕਰਾਰਨਾਮਾ ਜਾਰੀ ਨਹੀਂ ਕੀਤਾ ਹੈ। ਇਸ ਨਵੇਂ ਇਕਰਾਰਨਾਮੇ ਦੇ ਤਹਿਤ, ਬਲਿਊ ਸ਼ੀਲਡ ਰਾਜ ਭਰ ਵਿੱਚ ਟੀਕੇ ਦੀ ਵੰਡ ਨੂੰ ਸੇਧ ਦੇਣ ਲਈ ਇੱਕ ਯੋਜਨਾ ਵਿਕਸਤ ਕਰੇਗੀ ਜਦਕਿ ਪ੍ਰਸ਼ਾਸਨ ਟੀਕੇ ਦੀ ਵੰਡ ਅਤੇ ਮਾਪਦੰਡ ਨਿਰਧਾਰਿਤ ਕਰਨ ਬਲਿਊ ਸ਼ੀਲਡ ਤੋਂ ਜਾਣਕਾਰੀ ਲੈ ਕੇ ਅੰਤਿਮ ਰੂਪ ਦੇਵੇਗਾ।