ਫਾਜ਼ਿਲਕਾ, 8 ਫਰਵਰੀ (ਰਿਤਿਸ਼) – ਪੰਜਾਬ ਸਰਕਾਰ ਅਤੇ ਉੱਚ ਸਿੱਖਿਆ ਵਿਭਾਗ ਵੱਲੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼-ਪੁਰਬ `ਤੇ ਕਰਵਾਈਆਂ ਜਾ ਰਹੀਆਂ ਗਤੀਵਿਧਿਆਂ ਦੀ ਲੜੀ ਵਿੱਚ ਡੀ.ਏ.ਵੀ. ਕਾਲਜ ਆਫ ਐਜੂਕੈਸ਼ਨ ਅਬੋਹਰ ਕਾਲਜ ਵਿਖੇ ਪ੍ਰਿੰਸੀਪਲ ਡਾ. ਸ਼੍ਰੀਮਤੀ ਉਰਮਿਲ ਸੇਠੀ ਦੀ ਅਗਵਾਈ ਹੇਠ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅੰਤਰ ਕਾਲਜ ਕਵਿਤਾ ਲੇਖਣ ਮੁਕਾਬਲਾ ਕਰਵਾਇਆ ਗਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ `ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ` ਸੀ। ਇਸ ਮੁਕਾਬਲੇ ਵਿੱਚ ਅਨੇਕਾ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਵਿੱਚ ਲਿਖੀਆਂ ਕਵਿਤਾਵਾਂ ਵਿਦਿਆਰਥੀਆਂ ਵੱਲੋਂ ਵਟਸੱਪ ਰਾਹੀਂ ਕਾਲਜ ਨੂੰ ਭੇਜੀਆਂ ਗਈਆਂ।ਨਤੀਜਿਆਂ ਦਾ ਐਲਾਨ 7 ਫਰਵਰੀ 2021 ਨੂੰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿਚ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀ ਵਿਦਿਆਰਥਣ ਹਰਪ੍ਰੀਤ ਕੋਟਫੱਤਾ ਨੇ ਪਹਿਲਾ ਸਥਾਨ, ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਫਾਜ਼ਿਲਕਾ ਦੀ ਵਿਦਿਆਰਥਣ ਅਨਮੋਲ ਰਾਣੀ ਨੇ ਦੂਜਾ ਅਤੇ ਐਮ.ਐਮ.ਡੀ.ਡੀ.ਏ.ਵੀ ਕਾਲਜ ਗਿੱਦੜਬਾਹਾ ਦੀ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਊਸ਼ਾ ਰਾਣੀ ਡੀ.ਏ.ਵੀ.ਕਾਲਜ ਆਫ ਐਜੂਕੇਸ਼ਨ ਫਾਜ਼ਿਲਕਾ ਅਤੇ ਮਮਤਾ ਰਾਣੀ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਨੂੰ ਪ੍ਰਸ਼ੰਸਾਤਮਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੁਕਾਬਲੇ ਵਿੱਚ ਸ਼੍ਰੀ ਅਰਸ਼ਦੀਪ, ਡਾ. ਸੁਨੀਤਾ ਛਾਬੜਾ ਅਤੇ ਸ਼੍ਰੀਮਤੀ ਰਾਜਪਾਲ ਕੌਰ ਸਹਾਇਕ ਪ੍ਰੋਫੈਸਰਾਂ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਨੇ ਨਿਰਣਾਇਕ ਮੰਡਲ ਦੀ ਭੂਮਿਕਾ ਨਿਭਾਈ।ਇਸ ਦੌਰਾਨ ਸ਼੍ਰੀ ਮਨਜੀਤ ਸਿੰਘ ਵੱਲੋਂ ਵੀ ਮੁਕਾਬਲਿਆਂ ਦੌਰਾਨ ਅਹਿਮ ਯੋਗਦਾਨ ਪਾਇਆ ਗਿਆ।